ਸੰਗਤਾਂ ਵਲੋਂ ਕਰੋੜਾਂ ਰੁਪਏ ਰੋਜ਼ ਦਾ ਦਿਤਾ ਚੜ੍ਹਾਵਾ ਭੰਗ ਦੇ ਭਾੜੇ ਜਾ ਰਿਹਾ ਹੈ
ਅੰਮ੍ਰਿਤਸਰ: ਪੰਥਕ ਸੇਵਾ ਲਹਿਰ ਦੇ ਮੁਖੀ ਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਬਚਾਉਣ ਲਈ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਮਜੀਠੀਆ ਦਾ ਬਾਈਕਾਟ ਸ਼ੁਰੂ ਕੀਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਦਿੱਲੀ ਸਿੱਖ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਇਨ੍ਹਾਂ ਦੇ ਕੰਟਰੋਲ ਵਿਚ ਹੈ । ਸਿੱਖ ਕੌਮ ਦੇ ਉਕਤ ਸੰਸਥਾਵਾਂ ਦੇ ਮੁਖੀ ਲਿਫ਼ਾਫ਼ਿਆਂ ਵਿਚੋਂ ਨਿਕਲਦੇ ਹਨ।
ਅੱਜ ਭਾਈ ਰਣਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਵਾਰ ਅੱਗੇ ਵਿਸ਼ਾਲ ਇਕੱਠ ਕਰਨ ਸਮੇਂ ਹਾਜ਼ਰ, ਸੰਗਤਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਲੋਟੂ ਟੋਲੇ ਨੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਹੈ। ਸਿਰੇ ਦਾ ਭ੍ਰਿਸ਼ਟਾਚਾਰ ਧਾਰਮਕ ਸੰਗਠਨਾਂ ਵਿਚ ਫੈਲ ਗਿਆ ਹੈ ਜੋ ਲਸਾਨੀ ਕੁਰਬਾਨੀਆਂ ਨਾਲ ਬਣੇ ਹਨ। ਸੰਗਤਾਂ ਵਲੋਂ ਕਰੋੜਾਂ ਰੁਪਏ ਦਾ ਦਿਤਾ ਚੜ੍ਹਾਵਾ, ਭੰਗ ਦੇ ਭਾੜੇ ਜਾ ਰਿਹਾ ਹੈ।
ਭਾਰੀ ਗਿਣਤੀ ਵਿਚ ਸੰਗਤਾਂ ਦੀ ਅਗਵਾਈ ਕਰਦਿਆਂ ਸਥਾਨਕ ਅਕਾਲੀ ਫੂਲਾ ਸਿੰਘ ਬੁਰਜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਗੋਲਡਨ ਪ੍ਰੈਸ ਤੇ ਪ੍ਰਕਾਸ਼ਨ ਵਿਭਾਗ ਵਿਚੋਂ ਲਾਪਤਾ ਹੋਏ 328 ਸਰੂਪਾਂ ਦੇ ਰੋਸ ਵਜੋਂ ਰੋਸ ਮਾਰਚ ਕਰਨ ਉਪਰੰਤ ਘੰਟਾ ਘਰ 4 ਘੰਟੇ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਉਡੀਕ ਕਰਨ ਤੋਂ ਬਾਅਦ ਕਿਹਾ ਕਿ ਜਿੰਨਾ ਨੁਕਸਾਨ ਬਾਦਲਾਂ ਤੇ ਮਜੀਠੀਆ ਨੇ ਸਿੱਖਾਂ ਦਾ ਕੀਤਾ ਹੈ ਇੰਨਾ ਸ਼ਾਇਦ ਅਬਦਾਲੀ ਵਰਗੇ ਜਰਵਾਣੇ ਵੀ ਨਹੀਂ ਕਰ ਸਕੇ ਸਨ। ਅੱਜ ਉਸ ਅਕਾਲੀ ਦਲ ‘ਤੇ ਕਾਬਜ਼ ਅਜਿਹੇ ਲੋਕ ਹਨ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ ਕੇ ਸਥਾਪਤ ਕੀਤਾ ਗਿਆ ਸੀ।
ਸ਼੍ਰੋਮਣੀ ਕਮੇਟੀ ਸਿਰਫ਼ ਗੁਰਧਾਮਾਂ ਦੇ ਪ੍ਰਬੰਧ ਚਲਾਉਣ ਲਈ ਧਾਰਮਕ ਬਿਰਤੀ ਵਾਲੇ ਵਿਅਕਤੀਆਂ ਲਈ ਬਣਾਈ ਗਈ ਹੈ ਪਰ ਇਹ ਗੁੰਡਾ ਅਨਸਰ ਕਿਥੋਂ ਆ ਗਏ, ਇਹ ਵੀ ਕਿਸੇ ਕੋਲੋਂ ਛੁਪਿਆ ਨਹੀਂ ਹੈ। ਉਨ੍ਹਾਂ ਨੇ ਅਖ਼ਬਾਰਾਂ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਤੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਮਾਂ ਦਿਤਾ ਕਿ ਉਹ 7 ਨਵੰਬਰ ਨੂੰ ਗੋਲਡਨ ਪਲਾਜ਼ਾ ਵਿਚ ਆ ਕੇ ਸੰਗਤਾਂ ਨੂੰ ਰੀਪੋਰਟ ਬਾਰੇ ਜਾਣਕਾਰੀ ਦੇਣ ਪਰ ਉਹ ਨਹੀਂ ਆਏ ਕਿਉਂਕਿ ਇਨ੍ਹਾਂ ਦੇ ਆਕਾ ਦਾ ਹੁਕਮ ਨਹੀਂ ਸੀ।
ਇਸ ਮੌਕੇ ਉਨ੍ਹਾਂ ਨਾਲ ਹਰਿਆਣੇ ਤੋਂ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲੇ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਤੇ ਮਾਸਟਰ ਹਰਪਾਲ ਸਿੰਘ ਵੇਰਕਾ ਤੇ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਵੀ ਨਾਲ ਸਨ ਜਦਕਿ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਰਹੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਫ਼ਰੰਜ਼ਦ ਤੇ ਸਾਬਕਾ ਅਕਾਲੀ ਵਿਧਾਇਕ ਰਣਜੀਤ ਸਿੰਘ ਤਲਵੰਡੀ ਤੇ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।
ਸ਼੍ਰੋਮਣੀ ਕਮੇਟੀ ਨੇ ਭਾਈ ਰਣਜੀਤ ਸਿੰਘ ਦੇ ਦੋਸ਼ਾਂ ਨੂੰ ਨਕਾਰਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਭਾਈ ਰਣਜੀਤ ਸਿੰਘ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਧਰਨੇ ਦੌਰਾਨ ਸ਼੍ਰੋਮਣੀ ਕਮੇਟੀ ‘ਤੇ ਲਗਾਏ ਬੇ-ਬੁਨਿਆਦ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਝੂਠੀ ਬਿਆਨਬਾਜ਼ੀ ਕਰ ਕੇ ਸੰਗਤ ਨੂੰ ਗੁਮਰਾਹ ਕਰ ਰਹੇ ਹਨ, ਸ਼੍ਰੋਮਣੀ ਕਮੇਟੀ ਦਾ ਕੰਮਕਾਜ ਬਿਲਕੁਲ ਪਾਰਦਰਸ਼ੀ ਅਤੇ ਨਿਯਮਾਂ ਅਨੁਸਾਰ ਹੈ। ਭਾਈ ਰਣਜੀਤ ਸਿੰਘ ਕੌਮ ਅੰਦਰ ਦੁਬਿਧਾ ਅਤੇ ਫੁੱਟ ਪਾਉਣ ਦਾ ਯਤਨ ਨਾ ਕਰਨ, ਕਿਉਂਕਿ ਇਹ ਕੌਮ ਦੇ ਭਲੇ ਵਿਚ ਨਹੀਂ ਹੈ।
ਸ੍ਰੀ ਹਰਿਮੰਦਰ ਸਾਹਿਬ ਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤੋਂ ਗੋਲਕ ਤੇ ਕੜਾਹ ਪ੍ਰਸ਼ਾਦ ਦੇ ਰੋਜ਼ਾਨਾ 4 ਕਰੋੜ ਚੜ੍ਹਾਵੇ ਦੀ ਗ਼ਲਤ ਜਾਣਕਾਰੀ ਸੰਗਤ ਨੂੰ ਦੇਣਾ ਤਰਕ ਸੰਗਤ ਨਹੀਂ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਅਤੇ ਇਨ੍ਹਾਂ ਨਾਲ ਸਬੰਧਤ 40 ਦੇ ਕਰੀਬ ਗੁਰਦੁਆਰਾ ਸਾਹਿਬਾਨ ਦੀ ਆਮ ਦਿਨਾਂ ਵਿਚ ਹਰ ਮਹੀਨੇ ਦੀ ਚੜ੍ਹਤ ਔਸਤਨ 12 ਕਰੋੜ ਰੁਪਏ ਦੇ ਕਰੀਬ ਹੁੰਦੀ ਹੈ। ਇਸ ਤਰ੍ਹਾਂ ਇਨ੍ਹਾਂ ਸਾਰੇ ਗੁਰਦੁਆਰਿਆਂ ਦੀ ਰੋਜ਼ਾਨਾ ਚੜ੍ਹਤ ਕਰੀਬ 40 ਲੱਖ ਹੈ। ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਨਾਲ ਸਬੰਧਤ ਸਾਰੇ ਗੁਰਦੁਆਰਿਆਂ ਤੋਂ ਕੜਾਹ ਪ੍ਰਸ਼ਾਦ ਦੀ ਵੱਟਕ ਰੋਜ਼ਾਨਾ 12 ਲੱਖ ਰੁਪਏ ਦੇ ਕਰੀਬ ਹੈ। ਇਹ ਚੜ੍ਹਾਵਾ ਕੋਰੋਨਾ ਦੌਰਾਨ ਨਾ-ਮਾਤਰ ਹੀ ਰਹਿ ਗਿਆ ਸੀ
courtesy Rozana Spokesman