ਸ਼੍ਰੋਮਣੀ ਕਮੇਟੀ ਅੱਜ ਸਿੱਖੀ ਦੀ ਢਹਿੰਦੀ ਕਲਾ ਦਾ ਕਾਰਨ ਬਣ ਰਹੀ ਹੈ

ਸਿੱਖਾਂ ਦੀ ਮਹਾਨ ਸੰਸਥਾ ਵਿਚ ਹੋਰ ਵੀ ਕਈ ਸੰਸਥਾਵਾਂ ਬਣ ਗਈਆਂ
ਮੁਹਾਲੀ: ਕੋਈ ਸਮਾਂ ਸੀ ਜਦੋਂ ਇਸ ਕਮੇਟੀ ਦੇ ਕਹੇ ਹਰ ਬੋਲ ‘ਤੇ ਫੁੱਲ ਚੜ੍ਹਾਏ ਜਾਂਦੇ ਸੀ, ਪਰ ਕੋਈ ਵੀ ਸਿੱਖ ਕਿੰਤੂ ਪ੍ਰੰਤੂ ਨਹੀਂ ਸੀ ਕਰਦਾ। ਅੱਜ ਵੇਖੀਏ ਤਾਂ ਇਨ੍ਹਾਂ ਦੇ ਜਥੇਦਾਰਾਂ ਤੋਂ ਲੈ ਕੇ ਇਨ੍ਹਾਂ ਦੇ ਅਖੌਤੀ ਹੁਕਮਨਾਮਿਆਂ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਜਾਂਦੇ ਹਨ। ਆਖ਼ਰ ਕਿਉਂ? ਕੀ ਸਿੱਖ ਕੌਮ ਦਾ ਵਿਸ਼ਵਾਸ ਡੋਲ ਗਿਆ ਹੈ ਜਾਂ ਸਿੱਖੀ ਸਰੂਪ ਵਿਚ ਗਿਰੀ ਤੇ ਮਰੀ ਹੋਈ ਜ਼ਮੀਰ ਵਾਲੇ ਦੋਗਲੇ ਬੰਦਿਆਂ ਨੇ ਸਿੱਖੀ ਰੂਪ ਧਾਰਨ ਕਰ ਲਿਆ ਹੈ ਜਾਂ ਵਜ੍ਹਾ ਕੋਈ ਹੋਰ ਹੈ? ਵਜ੍ਹਾ ਜੋ ਵੀ ਹੋਵੇ ਪਰ ਬਦਨਾਮੀ ਸਿੱਖਾਂ ਦੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਹੋ ਰਹੀ ਹੈ, ਬਦਨਾਮ ਸਿੱਖ ਹੋ ਰਹੇ ਨੇ, ਦਾਗ਼ ਸਿੱਖੀ ਸਰੂਪ ‘ਤੇ ਲੱਗ ਰਹੇ ਨੇ, ਬਦਨਾਮ ਪੰਜ ਕੱਕੇ ਹੋ ਰਹੇ ਨੇ, ਪਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਮਿੱਟੀ ਦੇ ਬਾਵੇ ਜਥੇਦਾਰ ਫਿਰ ਵੀ ਚੁੱਪ ਹਨ। ਕੀ ਇਨ੍ਹਾਂ ਦੀ ਸੋਚ ਸਿਰਫ਼ ਤੇ ਸਿਰਫ਼ ਮਹੀਨਾਵਾਰ ਮਿਲਣ ਵਾਲੀ ਗੁਰੂ ਦੀ ਗੋਲਕ ਵਿਚੋਂ ਤਨਖ਼ਾਹ ਤਕ ਹੀ ਕੰਮ ਕਰਦੀ ਹੈ?
ਜਾਂ ਅਪਣੇ ਖ਼ਾਸ ਰਿਸ਼ਤੇਦਾਰਾਂ ਤੇ ਸਕੇ ਸਬੰਧੀਆਂ ਨੂੰ ਉੱਚੇ ਅਹੁਦਿਆਂ ਨਾਲ ਨਿਵਾਜਣ ਤੋਂ ਉਪਰ ਹੋਰ ਸੋਚਣ ਸ਼ਕਤੀ ਕੰਮ ਹੀ ਨਹੀਂ ਕਰਦੀ? ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸਿੱਖਾਂ ਦੀ ਸਿਰਮੌਰ ਕਹੀ ਜਾਣ ਵਾਲੀ ਇਸ ਮਹਾਨ ਸੰਸਥਾ ਵਿਚ ਕੁੱਝ ਦੋਗਲੇ ਤੇ ਚੰਗੇ ਕਿਰਦਾਰ ਤੋਂ ਗਿਰ ਚੁੱਕੇ ਮਸੰਦਾਂ ਤੇ ਚਮਚਿਆਂ ਦੀ ਦੋਗਲੀ ਨੀਤੀ ਨੇ ਸਿੱਖਾਂ ਦੇ ਮਨਾਂ ਅਤੇ ਆਪਸੀ ਭਾਈਚਾਰੇ ਵਿਚ ਜਿਵੇਂ ਫੁੱਟ ਪਾ ਦਿਤੀ ਹੋਵੇ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਾਰੇ ਕਿਸੇ ਸਮੇਂ ਸੁਣਦੇ ਸੀ ਕਿ ਆਜ਼ਾਦ ਅਤੇ ਸਿੱਖ ਕੌਮ ਨੂੰ ਸੇਧ ਦੇਣ ਵਾਲੀ ਇਕ ਵਿਲੱਖਣ ਅਤੇ ਉਸਾਰੂ ਸੋਚ ਵਾਲੇ ਸਿੱਖਾਂ ਦੀ ਇਹ ਮਹਾਨ ਸੰਸਥਾ ਸੀ। ਪਰ ਅੱਜ ਨਿਤ ਨਵੇਂ ਬਿਆਨਾਂ ਤੇ ਹੁੰਦੇ ਕਾਰਨਾਮਿਆਂ ਨੂੰ ਵੇਖ ਕੇ ਲਗਦਾ ਹੈ ਕਿ ਸਿੱਖਾਂ ਦੀ ਇਹ ਅਜ਼ਾਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਕ ਗ਼ੁਲਾਮ ਸੰਸਥਾ ਬਣ ਗਈ ਹੈ।
ਪਰ ਨਿਤ ਦੇ ਬਿਆਨਾਂ ‘ਤੇ ਨਜ਼ਰ ਮਾਰੀਏ ਤਾਂ ਵਿਰੋਧੀਆਂ ਦੇ ਇਹੋ ਬਿਆਨ ਹੁੰਦੇ ਹਨ ਕਿ ਇਸ ਮਹਾਨ ਸੰਸਥਾ ਤੇ ਬਾਦਲ ਪ੍ਰਵਾਰ ਪੂਰੀ ਤਰ੍ਹਾਂ ਕਬਜ਼ਾ ਕਰੀ ਬੈਠਾ ਹੈ, ਪਰ ਕਿਉੁਂ? ਮੇਰਾ ਸਵਾਲ ਹੈ, ਜੇ ਬਾਦਲ ਪ੍ਰਵਾਰ ਦਾ ਕਬਜ਼ਾ ਹੈ ਤਾਂ ਕਿਉਂ? ਜਾਂ ਇਹ ਪ੍ਰਵਾਰ ਕੋਈ ਵਿਸ਼ੇਸ਼ ਕਾਬਲੀਅਤ ਰਖਦਾ ਹੋਣੈ ਜਿਸ ਕਰ ਕੇ ਸਿੱਖਾਂ ਦੀ ਮਹਾਨ ਸੰਸਥਾ ਤੇ ਇਕ ਹੀ ਪ੍ਰਵਾਰ ਦਾ ਕਬਜ਼ਾ ਏ… ਜਾਂ ਸ਼ਾਇਦ ਕੋਈ ਹੋਰ ਇਸ ਮਹਾਨ ਸੰਸਥਾ ਨੂੰ ਚਲਾਉਣ ਵਾਲਾ ਚੰਗਾ ਤੇ ਉਸਾਰੂ ਸੋਚ ਦਾ ਮਾਲਕ ਮਿਲਦਾ ਹੀ ਨਹੀਂ? ਜੇ ਆਪਾਂ ਸੰਸਥਾਵਾਂ ਦੀ ਗੱਲ ਕਰੀਏ ਤਾਂ ਇਹ ਸੰਸਥਾਵਾਂ ਵਿਸ਼ਵਾਸ ‘ਤੇ ਹੀ ਜ਼ਿਆਦਾ ਚਲਦੀਆਂ ਹਨ ਤੇ ਉਹ ਵਿਸ਼ਵਾਸ ਸ਼ਾਇਦ ਬਾਦਲ ਪ੍ਰਵਾਰ ਤੋਂ ਬਿਨਾਂ ਹੋਰ ਕਿਸੇ ਦਾ ਬਣਿਆ ਹੀ ਨਾ ਹੋਵੇ।
ਪਰ ਸਿੱਖਾਂ ਦੀ ਮਹਾਨ ਸੰਸਥਾ ਵਿਚ ਹੋਰ ਵੀ ਕਈ ਸੰਸਥਾਵਾਂ ਬਣ ਗਈਆਂ, ਜਿਵੇਂ ਬੁੱਢਾ ਦਲ, ਨਾਮਧਾਰੀਏ ਤੇ ਕਈ ਹੋਰ ਵੀ ਜਿਨ੍ਹਾਂ ਦੇ ਅਪਣੇ ਅਪਣੇ ਵਿਚਾਰ ਤੇ ਸਿਧਾਂਤ ਹੁੰਦੇ ਹਨ। ਪਰ ਇਥੇ ਮੈਂ ਇਹ ਦਸਣਾ ਚਾਹੁੰਦਾ ਹਾਂ ਕਿ ਬਹੁਤ ਸਾਰੇ ਲੋਕਾਂ ਦੀ ਸੋਚ ਹੈ ਕਿ ਸਿੱਖ ਉਹ ਹੈ ਜਿਸ ਨੇ ਪੰਜ ਕੱਕੇ ਧਾਰ ਰੱਖੇ ਨੇ। ਆਮ ਲੋਕਾਂ ਨੂੰ ਸਿੱਖੀ ਦਾ ਬਾਣਾ, ਕਿਰਪਾਨ ਤੇ ਗਾਤਰਾ, ਦਸਤਾਰ ਹੀ ਪ੍ਰਭਾਵਤ ਕਰਦੇ ਹਨ ਪਰ ਮੁਆਫ਼ ਕਰਨਾ, ਕਈ ਲੋਕਾਂ ਨੇ ਇਸ ਸਿੱਖੀ ਸਰੂਪ ਨੂੰ ਅਪਣਾ ਵਪਾਰ ਬਣਾਇਆ ਹੋਇਆ ਹੈ ਅਤੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਬਹੁਤ ਵਾਰ ਠੱਗੇ ਵੀ ਜਾਂਦੇ ਹਨ। ਇਸ ਮਹਾਨ ਸੰਸਥਾ ਦੇ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀ ਤੇ ਹਸਪਤਾਲ ਹਨ ਪਰ ਕੋਈ ਇਕ ਵੀ ਅਦਾਰਾ ਵਿਖਾ ਦਿਉ ਜਿਸ ਵਿਚ ਪੜ੍ਹਾਈ ਤੇ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੋਵੇ। ਸਗੋਂ ਵਾਧੂ ਫ਼ੀਸਾਂ ਵਸੂਲ ਕੇ ਇਸ ਸੰਸਥਾ ਦਾ ਨਾਮ ਬਦਨਾਮ ਕਰ ਰਖਿਆ ਹੈ। ਹੁਣ ਤਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਿੰਨੇ ਕੁ ਗੁਰਬਾਣੀ ਦੇ ਪ੍ਰਚਾਰਕ ਪੈਦਾ ਕੀਤੇ, ਕਿੰਨੇ ਰਾਗੀ ਸਿੰਘਾਂ ਨੂੰ ਗੁਰਬਾਣੀ ਦਾ ਗਿਆਨ ਕਰਵਾ ਕੇ ਮਹਾਨ ਰਾਗੀ ਬਣਾਇਆ ਹੈ?

ਹੁਣ ਤਕ ਕਿੰਨੇ ਬੱਚੇ ਗੁਰਬਾਣੀ ਨਾਲ ਜੋੜੇ ਅਤੇ ਕਿੰਨਿਆਂ ਨੂੰ ਅੰਮ੍ਰਿਤ ਛਕਾਇਆ ਗਿਆ? ਸ਼ਾਇਦ ਬਹੁਤ ਘੱਟ, ਕਿਉਂਕਿ ਸਾਡੇ ਜਥੇਦਾਰਾਂ ਦੀ ਰੂਹ ਮਾਇਆ ਰੂਪੀ ਸੱਪ ਤੋਂ ਆਜ਼ਦ ਹੀ ਨਹੀਂ ਹੋ ਸਕੀ। ਅਸੀ ਗੁਰਬਾਣੀ ਪੜ੍ਹਦੇ ਸੁਣਦੇ ਹਾਂ, ਪਰ ਅਮਲ ਨਹੀਂ ਕਰਦੇ, ਕਿਉਂਕਿ ਗੁਰੂ ਕੀ ਗੋਲਕ ਸਾਡੇ ਸਾਰੇ ਕੰਮਕਾਰ ਤੇ ਐਸ਼ੋ-ਆਰਾਮ ਪੂਰੇ ਕਰੀ ਜਾਂਦੀ ਹੈ। ਅਸੀ ਕੀ ਲੈਣੈ ਭਟਕੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਕੇ? ਸਾਡਾ ਤਾਂ ਬੈਂਕ ਬੈਲੈਂਸ ਵਧ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਤੇ ਗੋਲਕ ਦੇ ਨਾਮ ‘ਤੇ ਸਾਨੂੰ ਘਰਾਂ ਵਿਚ, ਦਫ਼ਤਰਾਂ ਵਿਚ ਸੇਵਾਦਾਰਾਂ ਦੇ ਰੂਪ ਵਿਚ ਨੌਕਰ ਜੋ ਮਿਲੇ ਹੋਏ ਹਨ। ਮਿਲਣ ਵੀ ਕਿਉਂ ਨਾ, ਅਸੀ ਮਰੀ ਜ਼ਮੀਰ ਵਾਲੇ ਪ੍ਰਧਾਨ, ਪ੍ਰਬੰਧਕ, ਜਥੇਦਾਰ ਜੋ ਹੋਏ।

ਜੇਕਰ ਮੈਂ ਅਪਣੇ ਖੁਦ ਦੇ ਪਿੰਡ ਦੀ ਗੱਲ ਕਰਾਂ ਤਾਂ ਮੇਰੇ ਪਿੰਡ ਦੇ ਕਈ ਪ੍ਰਵਾਰਾਂ ਨੇ ਈਸਾਈ ਧਰਮ ਅਪਣਾ ਲਿਆ ਹੈ, ਜਿਨ੍ਹਾਂ ਵਿਚ ਕਈ ਸਿੱਖ ਪ੍ਰਵਾਰ ਵੀ ਹਨ। ਇਥੇ ਕਸੂਰ ਕਿਸ ਦਾ ਕਢੀਏ? ਮਰੀ ਹੋਈ ਜ਼ਮੀਰ ਵਾਲੇ ਪ੍ਰਧਾਨਾਂ ਤੇ ਜਥੇਦਾਰਾਂ ਦਾ ਜਾਂ ਗੁਰੂ ਦੀ ਗੋਲਕ ਦੇ ਭੁਖਿਆਂ ਦਾ ਜਾਂ ਉਨ੍ਹਾਂ ਪ੍ਰਵਾਰਾਂ ਦਾ ਜਿਨ੍ਹਾਂ, ਗੁਰਬਾਣੀ ਅਤੇ ਸ਼ਾਨਾਂਮੱਤਾ ਇਤਿਹਾਸ ਭੁੱਲ ਕੇ, ਇਹ ਧਰਮ ਅਪਣਾ ਲਿਆ? ਮੈਂ ਸੁਣਿਆ ਹੈ ਕਿ ਇਹ ਈਸਾ ਮਸੀਹ ਵਾਲੇ, ਧਰਮ ਬਦਲਣ ਤੇ ਉਨ੍ਹਾਂ ਲੋਕਾਂ ਨੂੰ ਪੈਸਿਆਂ ਦਾ ਲਾਲਚ ਦਿੰਦੇ ਹਨ। ਸਾਡੇ ਪ੍ਰਧਾਨਾਂ, ਜਥੇਦਾਰਾਂ ਵਲੋਂ ਇਨ੍ਹਾਂ ਪਿਛੜੇ ਵਰਗ ਦੇ ਲੋਕਾਂ ਨੂੰ ਕਈ ਵਾਰੀ ਗੁਰਦਵਾਰਿਆਂ ਵਿਚੋਂ ਦੁਰਕਾਰਿਆ ਜਾਂਦਾ ਹੈ ਤੇ ਅੱਖੋਂ ਪਰੋਖੇ ਕੀਤੇ ਜਾਂਦਾ ਹੈ। ਇਕ ਕਾਰਨ ਇਹ ਵੀ ਹੋ ਸਕਦਾ ਹੈ, ਧਰਮ ਬਦਲੀ ਦਾ।ਕੋਰੋਨਾ ਮਹਾਂਮਾਰੀ ਕਾਰਨ ਭੁੱਖੇ ਪ੍ਰਧਾਨ ਅਤੇ ਜਥੇਦਾਰਾਂ ਨੂੰ ਗੋਲਕਾਂ ਵਿਚੋਂ ਮਾਇਆ ਘੱਟ ਨਿਕਲਣ ਦਾ ਡਰ ਵੀ ਸਤਾਉਣ ਲੱਗ ਗਿਆ ਸੀ। ਹੁਣ ਇਹ ਗੁਰਬਾਣੀ ਤੇ ਇਤਿਹਾਸ ਦੇ ਜ਼ੋਰ ਨਾਲ ਨਹੀਂ ਫੁੱਲਾਂ ਦੇ ਸ਼ੋਅ ਦੇ ਸਹਾਰੇ ਸੰਗਤਾਂ ਨੂੰ ਖਿੱਚਣ ਲੱਗ ਪਏ ਹਨ ਤਾਕਿ ਗੋਲਕਾਂ ਤਾਂ ਭਰੀਆਂ ਰਹਿਣ।

ਅਰਬਾਂ ਖਰਬਾਂ ਦਾ ਬਜਟ ਪੇਸ਼ ਕਰਨ ਵਾਲੀ ਇਸ ਸੰਸਥਾ ਦਾ ਇਕ ਦੋ ਮਹੀਨੇ ਵਿਚ ਹੀ ਗੋਲਕਾਂ ਵਿਚੋਂ ਚੜ੍ਹਾਵਾ ਘੱਟ ਨਿਕਲਣ ਦਾ ਡਰ ਸਤਾਉਣ ਲੱਗ ਪਿਆ ਸੀ। ਇਹ ਸੱਭ ਵੇਖ ਕੇ ਤੇ ਸੁਣ ਕੇ ਲਗਦਾ ਹੈ ਕਿ ਇਨ੍ਹਾਂ ਪ੍ਰਬੰਧਕਾਂ ਦੀਆਂ ਸੱਚੀਂ ਹੀ ਜ਼ਮੀਰਾਂ ਮਰ ਚੁਕੀਆਂ ਹਨ। ਪਰ ਸੋਚਣਾ ਕਿ ਅਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਗਰਾਨੀ ਹੇਠ ਰਹਿ ਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਲਈ ਵਫ਼ਾਦਾਰੀ ਕਿਉਂ ਨਹੀਂ ਵਿਖਾ ਰਹੇ? ਕੀ ਸਾਡੀ ਇਸ ਮੂਰਖਤਾ ਭਰੇ ਮਾਹੌਲ ਤੇ ਸੋਚ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਦੇ ਮੁਆਫ਼ ਕਰ ਦੇਣਗੇ? ਫ਼ੈਸਲਾ ਤੁਹਾਡੇ ਹੱਥ ਹੈ। ਸੁਧਰ ਜਾਵੋ ਗੁਰੂ ਦਾ ਖਾ ਕੇ ਹਰਾਮ ਕਰਨ ਵਾਲਿਉ। ਅਜੇ ਵੀ ਸਮਾਂ ਹੈ ਭੁੱਲਾਂ ਦੀ ਖਿਮਾਂ ਮੰਗ ਕੇ ਅਪਣੀ ਸਿੱਖ ਕੌਮ ਦੇ ਸਹੀ ਪਹਿਰੇਦਾਰ ਬਣ ਜਾਉ ਤੇ ਨਿਸ਼ਕਾਮ ਸੇਵਾ ਕਰਨ ਦੀ ਆਦਤ ਪਾਉ। ਜੋ ਗੁਰੂ ਘਰ ਦਾ ਖਾ ਕੇ ਵੀ ਹਰਾਮ ਕਰ ਰਿਹਾ ਹੈ, ਸ਼ਾਇਦ ਉਸ ਤੋਂ ਬੇਗ਼ੈਰਤ ਤੇ ਨੀਚਪੁਣੇ ਦੀ ਨਿਸ਼ਾਨੀ ਹੋਰ ਨਹੀਂ ਹੋ ਸਕਦੀ। ਜੋ ਗੁਰੂ ਦਾ ਵਫ਼ਾਦਾਰ ਨਹੀਂ, ਉਹ ਕਿਤੇ ਵੀ ਵਫ਼ਾਦਾਰ ਨਹੀਂ। ਜੇਕਰ ਕਿਸੇ ਨੂੰ ਮੇਰਾ ਲਿਖਿਆ ਬੁਰਾ ਲੱਗੇ, ਉਹ ਅਪਣੇ ਮਨ ਅੰਦਰ ਝਾਤੀ ਮਾਰ ਕੇ ਵੇਖੇ। ਬਾਕੀ ਚੰਗਿਆਂ ਨੂੰ ਬੁਰਾ ਲੱਗੇ ਤਾਂ ਮੁਆਫ਼ੀ ਦਾ ਹੱਕਦਾਰ ਹੋਵਾਂਗਾ।

Courtesy Rozana Spokesman