ਬਿਹਾਰ ’ਚ ਲੋਕਾਂ ਦਾ ਫ਼ਤਵਾ ਸੱਤਾ ਤਬਦੀਲੀ ਲਈ: ਤੇਜਸਵੀ

ਐੱਨਡੀਏ ਦੇ ਧੋਖੇ ਤੇ ਫਰੇਬ ਨਾਲ ਜਿੱਤਣ ਦਾ ਦਾਅਵਾ

Patna: RJD leader Tejashwi Yadav addresses a press conference, in Patna, Thursday, Nov. 12, 2020. (PTI Photo)(PTI12-11-2020_000084A)

 

ਪਟਨਾ, 12 ਨਵੰਬਰ

ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੂੰ ਮਹਾਗੱਠਜੋੜ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਹੈ। ਤੇਜਸਵੀ ਨੇ ਦਾਅਵਾ ਕੀਤਾ ਕਿ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਬਿਹਾਰ ਅਸੈਂਬਲੀ ਚੋਣਾਂ ਧੋਖੇ ਤੇ ਫਰੇਬ ਨਾਲ ਜਿੱਤੀ ਹੈ। ਚੋਣ ਨਤੀਜਿਆਂ ਮਗਰੋਂ ਪਹਿਲੀ ਵਾਰ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਤੇਜਸਵੀ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸੀਟਾਂ ਦੀ ਗਿਣਤੀ ਪੱਖੋਂ ਉਨ੍ਹਾਂ ਦੀ ਪਾਰਟੀ (ਜੇਡੀਯੂ) ਤੀਜੀ ਥਾਵੇਂ ਧੱਕੀ ਗਈ ਹੈ ਤੇ ਉਨ੍ਹਾਂ ਨੂੰ ਹੈਰਾਨੀ ਹੁੰਦੀ ਕਿ ਨਿਤੀਸ਼ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ ਕੀ ਕੁਰਸੀ ਨਾਲ ਮੋਹ ਛੱਡ ਸਕਣਗੇ। ਯਾਦਵ ਨੇ ਦਾਅਵਾ ਕੀਤਾ ਕਿ ਲੋਕਾਂ ਨੇ ਸੱਤਾ ਵਿੱਚ ਤਬਦੀਲੀ ਲਈ ਫ਼ਤਵਾ ਦਿੱਤਾ ਸੀ, ਪਰ ਇਸ ਨੂੰ ਆਪਣੇ ਹੱਕ ਵਿੱਚ ਕਰਨ ਲਈ (ਐੱਨਡੀਏ ਨੇ) ਜੋੜ-ਤੋੜ ਕੀਤਾ ਸੀ। ਤੇਜਸਵੀ ਨੇ ਕਥਿਤ ਕਿਹਾ, ‘ਇਹ ਬਿਨਾਂ ਸ਼ੱਕ ਸੱਤਾ ਤਬਦੀਲੀ ਲਈ ਫ਼ਤਵਾ ਸੀ। ਐੱਨਡੀਏ ਧਨ, ਬਲ ਤੇ ਛਲ ਨਾਲ ਜਿੱਤੀ ਹੈ।’ ਮਹਾਗੱਠਜੋਡ ਦੀ ਸਰਕਾਰ ਬਣਾਉਣ ਲਈ ਲੋੜੀਂਦੀ ਗਿਣਤੀ ਮਿਣਤੀ ਨੂੰ ਪੂਰਾ ਕਰਨ ਲਈ ਕੋਸ਼ਿਸ਼ਾਂ ਕਰਨ ਬਾਰੇ ਪੁੱਛਣ ’ਤੇ ਤੇਜਸਵੀ ਨੇ ਕਿਹਾ, ‘ਅਸੀਂ ਫ਼ਤਵਾ ਦੇਣ ਵਾਲੇ ਲੋਕਾਂ ਕੋਲ ਜਾਵਾਂਗੇ। ਜੇਕਰ ਉਹ ਅਜਿਹੀ ਕੋਈ ਇੱਛਾ ਜ਼ਾਹਰ ਕਰਦੇ ਹਨ ਤਾਂ ਅਸੀਂ ਉਸ ਮੁਤਾਬਕ ਕੰਮ ਕਰਾਂਗੇ।’ ਚੋਣ ਅੰਕੜਿਆਂ ਦੇ ਹਵਾਲੇ ਨਾਲ ਯਾਦਵ ਨੇ ਦਾਅਵਾ ਕੀਤਾ ਕਿ ਐੱਨਡੀਏ ਨੂੰ ਮਹਾਗੱਠਜੋੜ ਦੇ ਮੁਕਾਬਲੇ 12,270 ਵੋਟਾਂ ਹੀ ਵੱਧ ਮਿਲੀਆਂ ਹਨ। ਆਰਜੇਡੀ ਆਗੂ ਨੇ ਕਿਹਾ, ‘ਕਈ ਹਲਕਿਆਂ ਵਿੱਚ ਪੋਸਟਲ ਬੈਲੇਟ ਸ਼ੁਰੂਆਤ ’ਚ ਨਹੀਂ ਬਲਕਿ ਆਖਿਰ ਵਿੱਚ ਗਿਣੀਆਂ ਗਈਆਂ। ਕੁਝ ਸੀਟਾਂ ’ਤੇ 900 ਦੇ ਕਰੀਬ ਪੋਸਟਲ ਬੈਲੇਟਸ ਨੂੰ ਅਯੋਗ ਕਰਾਰ ਦਿੱਤਾ ਗਿਆ।’ ਉਨ੍ਹਾਂ ਕਿਹਾ ਕਿ ਮਹਾਗੱਠਜੋੜ ਵਿਚਲੇ ਭਾਈਵਾਲ ਲਿਖਤ ਵਿੱਚ ਚੋਣ ਕਮਿਸ਼ਨ ਦੇ ਧਿਆਨ ਵਿਚ ਇਨ੍ਹਾਂ ਸਾਰੀਆਂ ਉਕਾਈਆਂ ਨੂੰ ਲਿਆਉਣਗੇ।

Courtesy Punjabi Tribune