ਐੱਨਸੀਬੀ ਵਲੋਂ ਕਾਮੇਡੀਅਨ ਭਾਰਤੀ ਸਿੰਘ ਗ੍ਰਿਫ਼ਤਾਰ

ਮੁੰਬਈ, 21 ਨਵੰਬਰ

ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਅੱਜ ਕਾਮੇਡੀਅਨ ਭਾਰਤੀ ਸਿੰਘ ਨੂੰ ਉਸ ਦੇ ਘਰੋਂ ਗਾਂਜਾ ਬਰਾਮਦ ਹੋਣ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਐੱਨਸੀਬੀ ਨੇ ਅੱਜ ਸਵੇਰੇ ਭਾਰਤੀ ਦੇ ਉਪਨਗਰੀ ਅੰਧੇਰੀ ਸਥਿਤ ਘਰ ਦੀ ਤਲਾਸ਼ੀ ਲਈ। ਕੇਂਦਰੀ ਏਜੰਸੀ ਦੀ ਇਹ ਕਾਰਵਾਈ ਹਿੰਦੀ ਫ਼ਿਲਮ ਸਨਅਤ ਵਿਚ ਕਥਿਤ ਡਰੱਗ ਦੀ ਵਰਤੋਂ ਬਾਰੇ ਹੋ ਰਹੀ ਜਾਂਚ ਨਾਲ ਜੁੜੀ ਹੋਈ ਸੀ। ਕੇਂਦਰੀ ਏਜੰਸੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਪਹਿਲਾਂ ਭਾਰਤੀ ਦੇ ਲੋਖੰਡਵਾਲਾ ਕੰਪਲੈਕਸ ਸਥਿਤ ਰਿਹਾਇਸ਼ ਦੀ ਤਲਾਸ਼ੀ ਲਈ ਤੇ ਮਗਰੋਂ ਉਸ ਦੇ ਪ੍ਰੋਡਕਸ਼ਨ ਹਾਊਸ ਦੀ ਵੀ ਤਲਾਸ਼ੀ ਲਈ ਗਈ।

ਏਜੰਸੀ ਨੂੰ ਤਲਾਸ਼ੀ ਦੌਰਾਨ 86.5 ਗਰਾਮ ਗਾਂਜਾ ਬਰਾਮਦ ਹੋਇਆ ਹੈ। ਐਨਸੀਬੀ ਨੇ ਕਿਹਾ ਕਿ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੇ ਗਾਂਜਾ ਲੈਣ ਬਾਰੇ ਮੰਨ ਲਿਆ ਹੈ। ਭਾਰਤੀ ਸਿੰਘ ਨੂੰ ਐਨਡੀਪੀਐੱਸ ਐਕਟ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ ਤੇ ਹਰਸ਼ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐਨਸੀਬੀ ਨੇ ਕਿਹਾ ਕਿ ਐਕਟ ਤਹਿਤ ਭਾਰਤੀ ਕੋਲੋਂ ਬਰਾਮਦ ਗਾਂਜਾ ‘ਕਾਫ਼ੀ ਘੱਟ ਹੈ’, ਇਹ ‘ਵਪਾਰਕ ਮਾਤਰਾ’ ਵਿਚ ਨਹੀਂ ਹੈ। ਹਜ਼ਾਰ ਗਰਾਮ ਤੱਕ ਬਰਾਮਦ ਗਾਂਜਾ ਘੱਟ ਮਾਤਰਾ ਵਿਚ ਮੰਨਿਆ ਜਾਂਦਾ ਹੈ। ਕਾਨੂੰਨ ਮੁਤਾਬਕ ਇਸ ਲਈ ਛੇ ਮਹੀਨੇ ਤੱਕ ਦੀ ਕੈਦ ਜਾਂ ਦਸ ਹਜ਼ਾਰ ਦਾ ਜੁਰਮਾਨਾ ਅਤੇ ਦੋਵੇਂ ਵੀ ਹੋ ਸਕਦੇ ਹਨ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਦਾ ਨਾਂ ਪੁੱਛਗਿੱਛ ਦੌਰਾਨ ਡਰੱਗ ਤਸਕਰ ਨੇ ਲਿਆ ਸੀ। ਏਜੰਸੀ ਨੇ ਮੁੰਬਈ ਵਿਚ ਦੋ ਹੋਰ ਥਾਵਾਂ ਦੀ ਵੀ ਤਲਾਸ਼ੀ ਲਈ ਹੈ।

ਜ਼ਿਕਰਯੋਗ ਹੈ ਕਿ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਏਜੰਸੀ ਵੱਲੋਂ ਫ਼ਿਲਮ ਜਗਤ ਵਿਚ ਨਸ਼ੇ ਦੀ ਸਪਲਾਈ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕੁਝ ਵਟਸਐਪ ਸੁਨੇਹਿਆਂ ਵਿਚ ਇਨ੍ਹਾਂ ਦਾ ਜ਼ਿਕਰ ਸੀ। -ਪੀਟੀਆਈ

ਕਈ ਹੋਰ ਥਾਈਂ ਵੀ ਛਾਪੇ, ਭਾਰਤੀ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ

ਐੱਨਸੀਬੀ ਨੇ ਫ਼ਿਲਮ ਜਗਤ ਵਿਚ ਕਥਿਤ ਨਸ਼ੇ ਦੀ ਵਿਕਰੀ ਬਾਰੇ ਕੀਤੀ ਜਾ ਰਹੀ ਜਾਂਚ ਤਹਿਤ ਕਈ ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਨ੍ਹਾਂ ਭਾਰਤੀ ਤੇ ਹਰਸ਼ ਦਾ ਨਾਂ ਲਿਆ ਸੀ। ਐਨਸੀਬੀ ਨੇ ਖਾਰ-ਡੰਡਾ ਤੱਟੀ ਇਲਾਕੇ ’ਚ ਛਾਪੇ ਮਾਰੇ ਸਨ ਤੇ ਨਸ਼ਾ ਵੇਚਣ ਵਾਲੇ 21 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ ਕਈ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਹਾਸਲ ਸੂਚਨਾ ਦੇ ਅਧਾਰ ’ਤੇ ਐਨਸੀਬੀ ਨੇ ਹੋਰਨਾਂ ਥਾਵਾਂ ਉਤੇ ਵੀ ਛਾਪੇ ਮਾਰੇ ਜਿਨ੍ਹਾਂ ਵਿਚ ਭਾਰਤੀ-ਹਰਸ਼ ਦਾ ਦਫ਼ਤਰ ਤੇ ਘਰ ਸ਼ਾਮਲ ਸਨ। ਇਸ ਤੋਂ ਬਾਅਦ ਦੋਵਾਂ ਨੂੰ ਜਾਂਚ ਲਈ ਐਨਸੀਬੀ ਦਫ਼ਤਰ ਸੱਦਿਆ ਗਿਆ ਸੀ। ਪੰਜ ਘੰਟੇ ਪੁੱਛਗਿੱਛ ਤੋਂ ਬਾਅਦ ਸ਼ਾਮ ਨੂੰ ਭਾਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਭਾਰਤੀ ਨੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Courtesy Punjabi Tribune