ਅਮਿਤ ਸ਼ਾਹ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ
ਜੈਪੁਰ, 30 ਨਵੰਬਰ
ਨਾਗਪੁਰ ਤੋਂ ਰਾਸ਼ਟਰੀ ਲੋਕਤਾਂਤਰਿਕ ਪਾਰਟੀ (ਆਰਐੱਲਪੀ) ਦੇ ਸੰਸਦ ਮੈਂਬਰ ਹਨੂਮਾਨ ਬੇਨੀਵਾਲ, ਜੋ ਕਿ ਐੱਨਡੀਏ ਦੇ ਸਹਿਯੋਗੀ ਹਨ, ਨੇ ਅੱਜ ਕਿਹਾ ਜੇਕਰ ਨਵੇਂ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਤਾਂ ਪਾਰਟੀ ਵੱਲੋਂ ਕੇਂਦਰ ਨੂੰ ਸਮਰਥਨ ’ਤੇ ਦੁਬਾਰਾ ਗੌਰ ਕੀਤਾ ਜਾਵੇਗਾ। ਆਰਐੱਲਪੀ ਦੇ ਕਨਵੀਨਰ ਬੇਨੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤਿੰਨੋਂ ਖੇਤੀ ਕਾਨੂੰਨ ਤੁਰੰਤ ਵਾਪਸ ਲੈਣ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਟਵੀਟ ਕੀਤਾ, ‘ਆਰਐੱਲਪੀ, ਐੱਨਡੀਏ ਦੀ ਸਹਿਯੋਗੀ ਪਾਰਟੀ ਹੈ ਪਰ ਇਸ ਦੀ ਤਾਕਤ ਨੌਜਵਾਨ ਅਤੇ ਕਿਸਾਨ ਹਨ, ਅਤੇ ਜੇਕਰ ਇਸ ਮਾਮਲੇ ’ਚ ਕਿਸਾਨਾਂ ਦੇ ਹਿੱਤ ’ਚ ਬਣਦੇ ਕਦਮ ਨਾ ਚੁੱਕੇ ਗਏ ਤਾਂ ਮੈਂ ਐੱਨਡੀਏ ਦਾ ਹਿੱਸਾ ਬਣੇ ਰਹਿਣ ਬਾਰੇ ਮੁੜ ਵਿਚਾਰ ਕਰਾਂਗਾ।’ ਬੇਨੀਵਾਲ ਆਰਐੱਲਪੀ ਦੇ ਇਕਲੌਤੇ ਸੰਸਦ ਮੈਂਬਰ ਹਨ, ਜਦਕਿ ਰਾਜਸਥਾਨ ’ਚ ਪਾਰਟੀ ਦੇ ਤਿੰਨ ਵਿਧਾਇਕ ਹਨ।
Courtesy Punjabi Tribune