ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੂੰ ਜਨਰਲ ਡਾਇਰ ਆਖਿਆ
ਨਵੀਂ ਦਿੱਲੀ, 4 ਜਨਵਰੀ
ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਤੁਲਨਾ ਬਰਤਾਨਵੀ ਜਨਰਲ ਰੇਜੀਨਾਲਡ ਡਾਇਰ ਨਾਲ ਕੀਤੀ ਹੈ। ਚੱਢਾ ਦਾ ਇਹ ਬਿਆਨ ਐਤਵਾਰ ਨੂੰ ਹਰਿਆਣਾ ਦੇ ਜ਼ਿਲ੍ਹੇ ਰਿਵਾੜੀ ’ਚ ਪੁਲੀਸ ਵੱਲੋਂ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ ਜਾਣ ਦੀ ਘਟਨਾ ਤੋਂ ਇੱਕ ਦਿਨ ਬਾਅਦ ਹੈ। ‘ਆਪ’ ਆਗੂ ਚੱਢਾ ਨੇ ਕਿਹਾ, ‘ਉਕਤ ਘਟਨਾ ਨੇ ਮੈਨੂੰ 13 ਅਪਰੈਲ 1919 ਦੇ ਜੱਲ੍ਹਿਆਂਵਾਲਾ ਬਾਗ ਸਾਕੇ ਦੀ ਯਾਦ ਦਿਵਾ ਦਿੱਤੀ, ਜਦੋਂ ਜਨਰਲ ਡਾਇਰ ਨੇ ਨਿਰਦੋਸ਼ ਲੋਕਾਂ ’ਤੇ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ ਸਨ।’ ਉਨ੍ਹਾਂ ਨੇ ਕਿਹਾ, ‘ਮੁੱਖ ਮੰਤਰੀ ਖੱਟਰ ਵੱਲੋਂ ਆਪਣੇ ਹੱਕਾਂ ਖਾਤਰ ਲੜ ਰਹੇ ਸਾਡੇ ਕਿਸਾਨ ਭਰਾਵਾਂ ’ਤੇ ਲਾਠੀਚਾਰਜ ਅਤੇ ਹੰਝੂ ਗੈਸ ਦੇ ਗੋਲੇ ਸੁੱਟਣ ਦੇ ਹੁਕਮ ਦਿੱਤੇ ਗਏ। ਮੇਰਾ ਮੰਨਣਾ ਹੈ ਕਿ ਉਨ੍ਹਾਂ ਦੀ ਇਹ ਕਾਰਵਾਈ ਨੂੰ ਸਿਰਫ ਨਿਰਦਈ ਜਨਰਲ ਡਾਇਰ ਦੀ ਕਾਰਵਾਈ ਨਾਲ ਤੋਲਿਆ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਸ਼ਾਸਨ ਵਾਲੇ ਸੂਬਿਆਂ ਅੰਦਰ ਕਿਸਾਨਾਂ ਨਾਲ ‘ਸੂਬੇ ਦੇ ਦੁਸ਼ਮਣਾਂ’ ਵਰਗਾ ਵਿਵਹਾਰ ਕੀਤਾ ਜਾ ਰਿਹਾ ਹੈ।
Courtesy Punjabi TRibune