ਨਵੀਂ ਦਿੱਲੀ, 15 ਜਨਵਰੀ
ਚੋਣ ਕਮਿਸ਼ਨ ਨੇ ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਲਈ ਚੋਣਾਂ ਤੋਂ ਪਹਿਲਾਂ ਤਿੰਨ ਮੌਕਿਆਂ ‘ਤੇ ਉਨ੍ਹਾਂ ਦੇ ਅਪਰਾਧਕ ਇਤਿਹਾਸ ਦੇ ਵੇਰਵੇ ਪ੍ਰਕਾਸ਼ਿਤ ਕਰਵਾਉਣ ਸਬੰਧੀ ਸਮਾਂ ਸਾਰਨੀ ਜਾਰੀ ਕੀਤੀ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਕਮਿਸ਼ਨ ਨੇ ਮਾਨਤਾ ਪ੍ਰਾਪਤ ਕੌਮੀ ਅਤੇ ਖੇਤਰੀ ਪਾਰਟੀਆਂ ਨੂੰ ਭੇਜੇ ਇੱਕ ਪੱਤਰ ਵਿਚ ਕਿਹਾ ਸੀ ਕਿ ਰਾਜ ਸਭਾ ਅਤੇ ਸੂਬਾ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੇ ਉਮੀਦਵਾਰਾਂ ਦੁਆਰਾ ਆਪਣੇ ਵਿਰੁੱਧ ਬਕਾਇਆ ਅਪਰਾਧਕ ਮਾਮਲਿਆਂ ਦੇ ਵੇਰਵੇ ਤਿੰਨ ਮੌਕਿਆਂ ‘ਤੇ ਪ੍ਰਕਾਸ਼ਿਤ ਕੀਤੇ ਜਾਣੇ ਚਾਹੀਦੇ ਹਨ। ਸਮਾਂ ਸਾਰਨੀ ਅਨੁਸਾਰ, ਉਮੀਦਵਾਰ ਦੀ ਨਾਮਜ਼ਦਗੀ ਦੀ ਵਾਪਸੀ ਦੇ ਪਹਿਲੇ ਦੋ ਦਿਨਾਂ ਦੇ ਅੰਦਰ-ਅੰਦਰ ਪਹਿਲਾ ਵੇਰਵਾ ਪ੍ਰਕਾਸ਼ਿਤ ਕੀਤਾ ਜਾਵੇਗਾ। ਅਗਲੇ ਤੀਜੇ ਅਤੇ ਚੌਥੇ ਦਿਨ ਦਰਮਿਆਨ ਦੂਜੀ ਵਾਰ ਅਪਰਾਧਕ ਮਾਮਲਿਆਂ ਦੇ ਵੇਰਵੇ ਪ੍ਰਕਾਸ਼ਤ ਕੀਤੇ ਜਾਣਗੇ। ਇਸ ਮਗਰੋਂ ਚੋਣਾਂ ਦੀ ਤਰੀਕ ਤੋਂ ਪਹਿਲਾਂ ਪੰਜਵੇਂ ਤੋਂ ਛੇਵੇਂ ਦਿਨ ਤੀਜੀ ਵਾਰ ਵੇਰਵੇ ਪ੍ਰਕਾਸ਼ਤ ਕਰਨੇ ਹੋਣਗੇ। ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲਈ ਵੀ ਅਜਿਹਾ ਹੀ ਪ੍ਰਾਵਧਾਨ ਮੌਜੂਦ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿ ਵੋਟਰਾਂ ਕੋਲ ਚੋਣ ਲੜ ਰਹੇ ਉਮੀਦਵਾਰਾਂ ਦੇ ਪਿਛੋਕੜ ਬਾਰੇ ਜਾਣਨ ਲਈ ਲੋੜੀਂਦਾ ਸਮਾਂ ਹੈ। -ਏਜੰਸੀ