ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ

ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ
ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 15 ਜਨਵਰੀ

ਕਾਂਗਰਸ ਨੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨਾਂ ਦੀ ਹਮਾਇਤ ‘ਚ ਅੱਜ ਦੇ ਦਿਨ ਨੂੰ ‘ਕਿਸਾਨ ਅਧਿਕਾਰ ਦਿਵਸ’ ਵਜੋਂ ਮਨਾਉਂਦਿਆਂ ਦੇਸ਼ ਭਰ ‘ਚ ਰਾਜ ਭਵਨਾਂ ਦਾ ਘਿਰਾਓ ਕੀਤਾ। ਇਸ ਦੌਰਾਨ ਹਿਮਾਚਲ ਪ੍ਰਦੇਸ਼, ਯੂਪੀ, ਰਾਜਸਥਾਨ ਅਤੇ ਹੋਰ ਸੂਬਿਆਂ ‘ਚ ਕਾਂਗਰਸ ਵੱਲੋਂ ਰਾਜਭਵਨ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਕਈ ਥਾਵਾਂ ‘ਤੇ ਪੁਲੀਸ ਨੇ ਅੱਗੇ ਵੱਧ ਰਹੇ ਕਾਂਗਰਸ ਵਰਕਰਾਂ ‘ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਹਮਾਇਤ ‘ਚ ਕੌਮੀ ਰਾਜਧਾਨੀ ‘ਚ ਪਾਰਟੀ ਵੱਲੋਂ ਕੀਤੇ ਪ੍ਰਦਰਸ਼ਨਾਂ ਦੀ ਅਗਵਾਈ ਕਰਦਿਆਂ ਉਪ ਰਾਜਪਾਲ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਕਾਂਗਰਸ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੱਕ ਚੁੱਪ ਨਹੀਂ ਬੈਠੇਗੀ। ਉਪ ਰਾਜਪਾਲ ਦੀ ਰਿਹਾਇਸ਼ ਬਾਹਰ ਕੀਤੇ ਪ੍ਰਦਰਸ਼ਨਾਂ ਮੌਕੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਤੇ ਦਿੱਲੀ ਕਾਂਗਰਸ ਦੇ ਹੋਰ ਆਗੂ ਵੀ ਮੌਜੂਦ ਸਨ।

ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਣਾ ਪਏਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਕਾਨੂੰਨ ਕਿਸਾਨਾਂ ਦੀ ਮਦਦ ਲਈ ਨਹੀਂ ਬਲਕਿ ਕਿਸਾਨਾਂ ਨੂੰ ਖਤਮ ਕਰਨ ਲਈ ਬਣਾਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਆਪਣੇ ਪੂੰਜੀਵਾਦੀ ਮਿੱਤਰਾਂ ਨੂੰ ਲਾਭ ਪਹੁੰਚਾਉਣ ਦੇ ਇਰਾਦੇ ਨਾਲ ਲੈ ਕੇ ਆਈ ਹੈ। ਕਾਂਗਰਸ ਆਗੂ ਨੇ ਚੇਤਾਵਨੀ ਦਿੱਤੀ ਕਿ ਕੇਂਦਰ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸਾਨਾਂ ਦੇ ਹੱਕਾਂ ਦੀ ਲੜਾਈ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ ਤੇ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਕਾਂਗਰਸ ਪਾਰਟੀ ਪਿੱਛੇ ਨਹੀਂ ਹਟੇਗੀ। ਉਪ ਰਾਜਪਾਲ ਦੇ ਘਰ ਦੀ ਘੇਰਾਬੰਦੀ ਮੌਕੇ ਦਿੱਲੀ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਤੋਂ ਇਲਾਵਾ ਏਬੀਕੇ ਕਮੇਟੀ ਦੇ ਸਕੱਤਰ ਜਨਰਲ ਕੇ.ਸੀ. ਵੇਣੂਗੋਪਾਲ, ਦਿੱਲੀ ਇੰਚਾਰਜ ਸ਼ਕਤੀਸਿੰਘ ਗੋਹਿਲ, ਸਾਬਕਾ ਸੰਸਦ ਮੈਂਬਰ ਰਮੇਸ਼ ਕੁਮਾਰ, ਕ੍ਰਿਸ਼ਨਾ ਤੀਰਥ ਤੇ ਉਦਿਤ ਰਾਜ, ਦਿੱਲੀ ਸਰਕਾਰ ਦੇ ਸਾਬਕਾ ਮੰਤਰੀ, ਸਾਬਕਾ ਵਿਧਾਇਕ, ਕਾਰਪੋਰੇਟਰ, ਜ਼ਿਲ੍ਹਾ ਪ੍ਰਧਾਨ, ਸਾਬਕਾ ਕਾਰਪੋਰੇਟਰ, ਬਲਾਕ ਪ੍ਰਧਾਨ ਤੇ ਕਾਂਗਰਸੀ ਵਰਕਰ ਮੌਜੂਦ ਸਨ। ਰਾਹੁਲ ਮਗਰੋਂ ਜੰਤਰ ਮੰਤਰ ‘ਤੇ ਪਿਛਲੇ ਇਕ ਮਹੀਨੇ ਤੋਂ ਕਿਸਾਨਾਂ ਦੀ ਹਮਾਇਤ ‘ਚ ਧਰਨਾ ਲਾਈ ਕਾਂਗਰਸੀ ਸੰਸਦ ਮੈਂਬਰਾਂ ਤੇ ਹੋਰਨਾਂ ਵਿਧਾਇਕਾਂ ਨੂੰ ਵੀ ਮਿਲੇ। ਰਾਹੁਲ ਨੇ ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੀ ਕਦਰ ਨਹੀਂ ਕਰਦੇ ਤੇ ਨਵੇਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨਾਂ ਨੂੰ ਥਕਾਉਣਾ ਚਾਹੁੰਦੇ ਹਨ। ਸਾਬਕਾ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਸਰਕਾਰ ਇਸ ਮਸਲੇ ਨੂੰ ਲਮਕਾਉਣ ਦੀ ਜੁਗਤ ਨਾਲ ਹੀ ਪ੍ਰਦਰਸ਼ਨਕਾਰੀ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਰਹੀ ਹੈ।

ਹਿਰਾਸਤ ‘ਚ ਲਏ ਬਿੱਟੂ, ਔਜਲਾ ਤੇ ਹੋਰ ਰਿਹਾਅ

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਕਿਸਾਨਾਂ ਦੀ ਹਮਾਇਤ ‘ਚ ਪਿਛਲੇ ਇਕ ਮਹੀਨੇ ਤੋਂ ਜੰਤਰ ਮੰਤਰ ‘ਤੇ ਬੈਠੇ ਕਾਂਗਰਸ ਦੇ ਸੰਸਦ ਮੈਂਬਰਾਂ ਗੁਰਜੀਤ ਸਿੰਘ ਔਜਲਾ, ਰਵਨੀਤ ਸਿੰਘ ਬਿੱਟੂ ਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਰਾਜਕੰਵਲ ਲੱਕੀ ਤੇ ਹੋਰਨਾਂ ਆਗੂਆਂ ਨੂੰ ਅੱਜ ਉਦੋਂ ਹਿਰਾਸਤ ‘ਚ ਲੈ ਕੇ ਬੱਸਾਂ ਵਿੱਚ ਸੁੱਟ ਦਿੱਤਾ, ਜਦੋਂ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਜੰਤਰ-ਮੰਤਰ ਤੋਂ ਧਰਨੇ ਉਪਰ ਬੈਠੇ ਕਾਂਗਰਸੀਆਂ ਨੂੰ ਮਿਲ ਕੇ ਚਲੇ ਗਏ। ਦਿੱਲੀ ਪੁਲੀਸ ਇਨ੍ਹਾਂ ਆਗੂਆਂ ਨੂੰ ਲੱਤਾਂ ਤੇ ਬਾਹਾਂ ਤੋਂ ਧੂਹ ਕੇ ਡੀਟੀਸੀ ਦੀ ਬੱਸ ਵਿੱਚ ਸੁੱਟ ਕੇ ਦਿੱਲੀ ਦੇ ਮੰਦਰ ਮਾਰਗ ਥਾਣੇ ਲੈ ਗਈ। ਉਨ੍ਹਾਂ ਨੂੰ ਰਾਤ ਕਰੀਬ 8 ਵਜੇ ਮਗਰੋਂ ਛੱਡਿਆ ਗਿਆ, ਜਿਸ ਮਗਰੋਂ ਉਹ ਮੁੜ ਜੰਤਰ-ਮੰਤਰ ਉੱਤੇ ਉਸੇ ਧਰਨੇ ਵਾਲੀ ਥਾਂ ਪੁੱਜ ਗਏ। ਕਾਂਗਰਸੀ ਆਗੂਆਂ ਦਾ ਇਸ ਧਰਨੇ ਦਾ ਅੱਜ 40ਵਾਂ ਦਿਨ ਸੀ। ਰਵਨੀਤ ਸਿੰਘ ਬਿੱਟੂ ਨੇ ਦਿੱਲੀ ਪੁਲੀਸ ਉਪਰ ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕੋਵਿਡ ਨੇਮਾਂ ਦੀ ਪਾਲਣਾ ਕਰਦੇ ਹੋਏ ਜੰਤਰ-ਮੰਤਰ ਉਪਰ ਖੇਤੀ ਕਾਨੂੰਨਾਂ ਦਾ ਵਿਰੋਧ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਸਨ, ਪਰ ਪੁਲੀਸ ਨੇ ਜਬਰੀ ਚੁੱਕ ਲਿਆ।

ਪੰਜਾਬ ਤੇ ਹਰਿਆਣਾ ਕਾਂਗਰਸ ਵੱਲੋਂ ਰਾਜ ਭਵਨ ਵੱਲ ਰੋਸ ਮਾਰਚ

ਪੰਜਾਬ ਕਾਂਗਰਸ ਦੇ ਰੋਸ ਮਾਰਚ ਨੂੰ ਬੈਰੀਕੇਡ ਲਗਾ ਕੇ ਅੱਗੇ
ਵਧਣ ਤੋਂ ਰੋਕਦੀ ਹੋਈ ਪੁਲੀਸ।

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਅਤੇ ਹਰਿਆਣਾ ਕਾਂਗਰਸ ਨੇ ਅੱਜ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਰਾਜ ਭਵਨਾਂ ਵੱਲ ਰੋਸ ਮਾਰਚ ਕੀਤਾ। ਕਾਂਗਰਸੀ ਆਗੂ ਰਾਜ ਭਵਨ ਨੂੰ ਘੇਰਨ ਦੇ ਇਰਾਦੇ ਨਾਲ ਨਿਕਲੇ ਸਨ ਪ੍ਰੰਤੂ ਪੁਲੀਸ ਨੇ ਪਹਿਲਾਂ ਹੀ ਉਨ੍ਹਾਂ ਨੂੰ ਰੋਕ ਲਿਆ। ਪੁਲੀਸ ਨੇ ਬੈਰੀਕੇਡ ਲਾਏ ਹੋਏ ਸਨ। ਰੋਹ ਵਿੱਚ ਆਏ ਕਾਂਗਰਸੀਆਂ ਨੇ ਰਸਤੇ ਵਿੱਚ ਹੀ ਕੇਂਦਰ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ। ਮਗਰੋਂ ਕਾਂਗਰਸ ਭਵਨ ਵਿੱਚ ਬੁਲਾਰਿਆਂ ਨੇ ਸੰਬੋਧਨ ਕੀਤਾ। ਪੰਜਾਬ ਕਾਂਗਰਸ ਨੇ ਇਸ ਮੌਕੇ ਐਲਾਨ ਕੀਤਾ ਕਿ ਕੇਂਦਰੀ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਲੜਾਈ ਜਾਰੀ ਰਹੇਗੀ।



Source link