ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਜਨਵਰੀ
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਤੇ ਕਿਸਾਨ ਅੰਦੋਲਨ ਵਿੱਚ ਸਹਿਯੋਗ ਕਰਨ ਵਾਲੇ ਵਿਅਕਤੀਆਂ ਸਮੇਤ ਵੱਖ ਵੱਖ ਸੰਸਥਾਵਾਂ ਨੂੰ ਨੋਟਿਸ/ਸੰਮਨ ਭੇਜਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਨ੍ਹਾਂ ਨੋਟਿਸਾਂ ਤੋਂ ਸਰਕਾਰ ਦੀ ਘਬਰਾਹਟ ਸਾਫ਼ ਝਲਕਦੀ ਹੈ, ਪਰ ਕਿਸਾਨ ਅਜਿਹੇ ਕਿਸੇ ਦਬਾਅ ਅੱਗੇ ਨਹੀਂ ਝੁਕਣਗੇ। ਕਿਸਾਨ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਬਹੁਤ ਹੀ ਘਟੀਆ ਹਰਕਤਾਂ ਉੱਤੇ ਉਤਰ ਆਈ ਹੈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਕਿਸਾਨ ਅੰਦੋਲਨ ਤੋਂ ਡਰ ਤੇ ਘਬਰਾ ਗਈ ਹੈ। ਉਨ੍ਹਾਂ ਕਿਸਾਨ ਅੰਦੋਲਨ ‘ਚ ਵਿਦੇਸ਼ੀ ਫੰਡਾਂ ਦੀ ਵਰਤੋਂ ਦੇ ਲਾਏ ਦੋਸ਼ਾਂ ਨੂੰ ਭਾਜਪਾ ਦੀ ਚਾਲ ਕਰਾਰ ਦਿੱਤਾ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨ ਆਗੂਆਂ ਨਾਲ ਬੈਠਕ ਕਰਨ ਮਗਰੋਂ ਪੱਤਰਕਾਰਾਂ ਨੂੰ ਦੱਸਿਆ, ”ਭਾਜਪਾ ਸਰਕਾਰ ਕਿਸਾਨ ਅੰਦੋਲਨ ਨੂੰ ਲੈ ਕੇ ਡਰ ਤੇ ਘਬਰਾ ਗਈ ਹੈ। ਉਹ ਸਾਡਾ ਏਕਾ ਤੋੜਨ ਵਿੱਚ ਨਾਕਾਮ ਰਹੇ, ਜਿਸ ਕਰਕੇ ਹੁਣ ਸਰਕਾਰ ਘਟੀਆ ਹਰਕਤਾਂ ਉਪਰ ਉੱਤਰ ਆਈ ਹੈ। ਇਹੀ ਵਜ੍ਹਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਹੁਣ ਕੌਮੀ ਜਾਂਚ ਏਜੰਸੀ (ਐਨਆਈਏ) ਰਾਹੀਂ ਨੋਟਿਸ ਭੇਜੇ ਜਾ ਰਹੇ ਹਨ।” ਰਾਜੇਵਾਲ ਨੇ ਦੱਸਿਆ ਕਿ ਇਹ ਨੋਟਿਸ ਉਨ੍ਹਾਂ ਲੋਕਾਂ ਨੂੰ ਭੇਜੇ ਜਾ ਰਹੇ ਹਨ ਜਿਨ੍ਹਾਂ ਨੇ ਲੰਗਰ ਲਾਏ ਹੋਏ ਹਨ ਜਾਂ ਜਿਨ੍ਹਾਂ ਕਿਸਾਨਾਂ ਨੂੰ ਬੱਸਾਂ ਦੀਆਂ ਸੇਵਾਵਾਂ ਦਿੱਤੀਆਂ ਹਨ ਜਾਂ ਕਈਆਂ ਨੇ ਸ਼ਹੀਦਾਂ ਦੀ ਮਦਦ ਕੀਤੀ ਹੈ। ਕਿਸਾਨ ਆਗੂ ਨੇ ਕੇਂਦਰ ਸਰਕਾਰ ਦੀ ਇਸ ਨੀਤੀ ਨੂੰ ਭੰਡਿਆ ਤੇ ਕਿਹਾ ਕਿ ਇਹ ਨੋਟਿਸ ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਸਰਕਾਰ ਨੂੰ ਮੁਖਾਤਿਬ ਹੁੰਦਿਆਂ ਦੋ ਟੁਕ ਸ਼ਬਦਾਂ ‘ਚ ਕਿਹਾ, ”ਅਸੀਂ ਇਸ ਹਰਕਤ ਦੀ ਸਖ਼ਤ ਨਿੰਦਾ ਕਰਦੇ ਹਾਂ। ਇਸ ਤਰ੍ਹਾਂ ਸਾਨੂੰ ਦਬਾਅ ਨਹੀਂ ਸਕਦੇ। ਸਾਡੇ ਏਕੇ ਤੇ ਅੰਦੋਲਨ ਨੂੰ ਤੋੜ ਨਹੀਂ ਸਕਦੇ।’ ਉਨ੍ਹਾਂ ਕਿਹਾ ਕਿ ਇਹ ਸਾਰਾ ਨਾਟਕ ਲੋਕਾਂ ਵਿੱਚ ਬੇਚੈਨੀ ਪੈਦਾ ਕਰਨ ਲਈ ਰਚਿਆ ਗਿਆ ਹੈ।
ਸ੍ਰੀ ਰਾਜੇਵਾਲ ਨੇ ਦੱਸਿਆ ਕਿ ਲੰਘੇ ਦਿਨ ਸਰਕਾਰ ਨਾਲ ਹੋਈ ਗੱਲਬਾਤ ਦੌਰਾਨ ਟਰਾਂਸਪੋਰਟਰਾਂ, ਆੜ੍ਹਤੀਆਂ ਤੇ ਸ਼ਹੀਦਾਂ ਪਰਿਵਾਰਾਂ ਦੀ ਮਦਦ ਕਰਨ ਵਾਲਿਆਂ ਨੂੰ ਨੋਟਿਸ ਦੇਣ ਦੇ ਮੁੱਦੇ ਉਠਾਏ ਗਏ ਸੀ। ਉਨ੍ਹਾਂ ਕਿਹਾ, ‘ਬੈਠਕ ਦੌਰਾਨ ਕਿਸਾਨਾਂ ਨੁਮਾਇੰਦਿਆਂ ਨੇ ਆਖਿਆ ਸੀ ਕਿ ਭਾਜਪਾ ਐਨੀ ਕਮਜ਼ੋਰ ਕਿਉਂ ਹੋ ਗਈ? ਆਮ ਲੋਕਾਂ ਨੂੰ ਨੋਟਿਸ ਜਾਰੀ ਕੀਤੇ, ਫਿਰ ਐੱਨਆਈਏ ਨੂੰ ਸ਼ਾਮਲ ਕਰ ਲਿਆ। ਜਦੋਂਕਿ ਪਹਿਲਾਂ ਆਮਦਨ ਕਰ ਦੇ ਛਾਪੇ ਮਰਵਾਏ ਗਏ ਸਨ।’ ਉਨ੍ਹਾਂ ਕਿਹਾ ਕਿ 19 ਜਨਵਰੀ ਨੂੰ ਅਗਲੇ ਗੇੜ ਦੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਤੋਂ ਆਮ ਲੋਕਾਂ ਨੂੰ ਖੱਜਲ-ਖੁਆਰ ਕੀਤੇ ਜਾਣ ਬਾਰੇ ਸਵਾਲ ਪੁੱਛਿਆ ਜਾਵੇਗਾ। ਸੱਜਰੇ ਨੋਟਿਸਾਂ ਬਾਰੇ ਰਾਜੇਵਾਲ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਪੁਰਾਣੇ ਮਾਮਲਿਆਂ ਵਿੱਚ ਹੀ ਪੇਸ਼ ਹੋਣ ਲਈ ਕਿਹਾ ਗਿਆ ਹੈ। ਵਿਦੇਸ਼ੀ ਫੰਡਾਂ ਬਾਰੇ ਲਾਏ ਜਾ ਰਹੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਭਾਜਪਾ ਵਾਲੇ ਝੂਠੇ ਦੋਸ਼ ਲਾ ਰਹੇ ਹਨ। ਕਿਸਾਨ ਭਾਈਚਾਰਾ ਹੀ ਡੱਟ ਕੇ ਕਿਸਾਨਾਂ ਦੀ ਹਰ ਪੱਖੋਂ ਮਦਦ ਕਰ ਰਿਹਾ ਹੈ।
ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ‘ਔਰਤ ਕਿਸਾਨ ਦਿਵਸ’ ਮਨਾਉਣ ਲਈ ਤਿਆਰੀ ਉਲੀਕੀ ਤੇ ਸੁਪਰੀਮ ਕੋਰਟ ਵਿੱਚ 18 ਜਨਵਰੀ ਨੂੰ ਹੋਣ ਵਾਲੀ ਸੁਣਵਾਈ ਬਾਰੇ ਅਗਲੀ ਰਣਨੀਤੀ ‘ਤੇ ਵਿਚਾਰ ਚਰਚਾ ਕੀਤੀ। ਸੰਯੁਕਤ ਕਿਸਾਨ ਮੋਰਚੇ ਦੀ ਭਲਕੇ ਹੋਣ ਵਾਲੀ ਬੈਠਕ ਵਿੱਚ ਕਿਸਾਨ ਅੰਦੋਲਨ ਨੂੰ ਅਗਲੀ ਰੂਪ ਰੇਖਾ ਦੇਣ ਲਈ ਚਰਚਾ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਹੋਈ ਇਸ ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਟਿਕਰੀ ਵਿੱਚ ਪ੍ਰੋ. ਅਨੂਪਾ (ਪੰਜਾਬੀ ਯੂਨੀਵਰਸਿਟੀ ਇਕਨਾਮਿਕਸ ਵਿਭਾਗ ਦੀ ਮੁਖੀ) ਤੇ ਪ੍ਰੋ. ਨਵਸ਼ਰਨ ਕੌਰ (ਜੇਐੱਨਯੂ) ਕੁੰਡਲੀ ਵਿਖੇ ਮੁੱਖ ਬੁਲਾਰਾ ਹੋਣਗੀਆਂ। ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਪੰਜਾਬ) ਦੇ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਕਿਸਾਨਾਂ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ 40 ਕਿਸਾਨਾਂ ਨੂੰ ਨੋਟਿਸ ਭੇਜੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ, ਪਰ 8 ਕਿਸਾਨਾਂ ਦੇ ਵਕੀਲ ਹੀ ਪੇਸ਼ ਹੋਣਗੇ ਜਿਨ੍ਹਾਂ ਦਾ ਰਿਕਾਰਡ ਅਦਾਲਤ ਅੱਗੇ ਹੈ। ਇਸ ਦੌਰਾਨ ਪੰਜਾਬ ਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਨੇ ਐੱਨਆਈਏ ਵੱਲੋਂ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਨੂੰ ਸੰਮਨ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਯੂਨੀਅਨ ਨੇ ਕਿਹਾ ਕਿ ਪੱਤਰਕਾਰ ਲਗਾਤਾਰ ਰੈਫਰੈਂਡਮ 2020 ਦਾ ਵਿਰੋਧ ਕਰਦਾ ਆ ਰਿਹਾ ਹੈ, ਲਿਹਾਜ਼ਾ ਉਸ ਦਾ ਨਾਮ ਇਸ ਨਾਲ ਜੋੜਨਾ ਸ਼ਰੇਆਮ ਧੱਕਾ ਹੈ।
ਅਦਾਲਤੀ ਕਮੇਟੀ ਖ਼ਿਲਾਫ਼ ਪਟੀਸ਼ਨ ਦਾਇਰ
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਲੋਕਸ਼ਕਤੀ ਨੇ ਅੱਜ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਸਿਖਰਲੀ ਅਦਾਲਤ ਵੱਲੋਂ ਕਾਇਮ ਕਮੇਟੀ ‘ਚ ਸ਼ਾਮਲ ਬਾਕੀ ਬਚਦੇ ਤਿੰਨ ਮੈਂਬਰਾਂ ਨੂੰ ਹਟਾਉਣ ਦੀ ਅਪੀਲ ਕੀਤੀ ਹੈ। ਸੁਪਰੀਮ ਕੋਰਟ ਨੇ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਸਰਕਾਰ ਤੇ ਕਿਸਾਨ ਜਥੇਬੰਦੀਆਂ ਦਰਮਿਆਨ ਬਣੇ ਜਮੂਦ ਨੂੰ ਤੋੜਨ ਦੇ ਇਰਾਦੇ ਨਾਲ ਲੰਘੇ ਦਿਨੀਂ ਚਾਰ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਸੀ। ਇਨ੍ਹਾਂ ਕਮੇਟੀ ਮੈਂਬਰਾਂ ‘ਚੋਂ ਇਕ ਭੁਪਿੰਦਰ ਸਿੰਘ ਮਾਨ ਨੇ ਖੁ਼ਦ ਨੂੰ ਕਮੇਟੀ ‘ਚੋਂ ਲਾਂਭੇ ਕਰ ਲਿਆ ਸੀ। ਬੀਕੇਯੂ ਲੋਕਸ਼ਕਤੀ ਨੇ ਸੁਪਰੀਮ ਕੋਰਟ ‘ਚ ਦਾਖ਼ਲ ਹਲਫ਼ਨਾਮੇ ਵਿੱਚ ਕਿਹਾ ਕਿ ਉਪਰੋਕਤ ਕਮੇਟੀ ਲਈ ਸਿਰਫ਼ ਉਨ੍ਹਾਂ ਲੋਕਾਂ ਦੀ ਚੋਣ ਕੀਤੀ ਜਾਵੇ, ਜੋ ਇਸ ਕੰਮ ਨੂੰ ‘ਮਨੁੱਖੀ ਸਦਭਾਵਨਾ ਦੇ ਆਧਾਰ ‘ਤੇ’ ਪੂਰਾ ਕਰਨ ਦੇ ਸਮਰੱਥ ਹੋਣ। ਕਿਸਾਨ ਜਥੇਬੰਦੀ ਨੇ ਕਿਹਾ ਕਿ ਚਾਰ ਮੈਂਬਰੀ ਕਮੇਟੀ ‘ਚ ਸ਼ਾਮਲ ਮਾਹਿਰ ‘ਪਹਿਲਾਂ ਹੀ ਇਨ੍ਹਾਂ ਕਾਨੂੰਨਾਂ ਦੀ ਹਮਾਇਤ ਕਰ ਚੁੱਕੇ ਹਨ’, ਜੋ ਕਿ ਕੁਦਰਤੀ ਨਿਆਂ ਦੇ ਸਿਧਾਂਤ ਦੀ ਉਲੰਘਣਾ ਹੋਵੇਗਾ। ਹਲਫ਼ਨਾਮੇ ‘ਚ 26 ਜਨਵਰੀ ਨੂੰ ਕਿਸਾਨਾਂ ਵੱਲੋਂ ਤਜਵੀਜ਼ਤ ਟਰੈਕਟਰ ਮਾਰਚ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਦਿੱਲੀ ਪੁਲੀਸ ਰਾਹੀਂ ਦਾਇਰ ਪਟੀਸ਼ਨ ਨੂੰ ਖਾਰਜ ਕਰਨ ਦੀ ਵੀ ਮੰਗ ਕੀਤੀ ਗਈ ਹੈ। -ਪੀਟੀਆਈ
‘ਸੰਮਨ ਕੀਤੇ ਆਗੂ ਆਰਾਮ ਨਾਲ ਘਰਾਂ ਵਿੱਚ ਬੈਠਣ’
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਐੱਨਆਈਏ ਨੇ ਨੋਟਿਸ ਭੇਜੇ ਹਨ, ਉਹ ਆਰਾਮ ਨਾਲ ਘਰ ਬੈਠਣ। ਉਹ ਨੋਟਿਸਾਂ ਦੀ ਕੋਈ ਪ੍ਰਵਾਹ ਨਾ ਕਰਨ ਤੇ ਜਥੇਬੰਦੀ ਅਗਲੇ ਦਿਨਾਂ ‘ਚ ਇਨ੍ਹਾਂ ਬਾਰੇ ਫ਼ੈਸਲਾ ਕਰੇਗੀ। ਉਨ੍ਹਾਂ ਸਰਕਾਰ ਨੂੰ ਚੇਤਾਇਆ ਕਿ ਅਜਿਹੀਆਂ ਘਟੀਆ ਹਰਕਤਾਂ ਤੋਂ ਬਾਜ਼ ਆਏ ਕਿਉਂਕਿ ਕਿਸਾਨ ਝੁਕਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਇਨ੍ਹਾਂ ਨੋਟਿਸਾਂ ਪਿੱਛੇ ਵੱਡਾ ਕਾਰਨ ਇਹ ਕਿਸਾਨ ਅੰਦੋਲਨ ਹਨ। ਕਾਬਿਲੇਗੌਰ ਹੈ ਕਿ ਐੱਨਆਈਏ ਵੱਲੋਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਨਾਲ ਸਬੰਧਤ ਕਈ ਆਗੂਆਂ ਨੂੰ ਸੰਮਨ ਭੇਜ ਕੇ ਦਿੱਲੀ ਪੇਸ਼ ਹੋਣ ਲਈ ਆਖਿਆ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਲੋਕ ਦਿੱਲੀ ਿਵੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਹਮਾਇਤ ਕਰੇ ਰਹੇ ਹਨ।
ਸੁਪਰੀਮ ਕੋਰਟ ਨਵੀਂ ਕਮੇਟੀ ਬਣਾਵੇ: ਦੁਸ਼ਯੰਤ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਨਵੇਂ ਖੇਤੀ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕਾਨੂੰਨਾਂ ‘ਤੇ ਰੋਕ ਲਗਾਉਣ ਦੇ ਬਾਵਜੂਦ ਕੇਂਦਰ ਸਰਕਾਰ ਵਾਰ-ਵਾਰ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਰਹੀ ਹੈ। ਸ੍ਰੀ ਚੌਟਾਲਾ ਨੇ ਉਮੀਦ ਜਤਾਈ ਕਿ ਸੁਪਰੀਮ ਕੋਰਟ ਕਿਸਾਨਾਂ ਨਾਲ ਗੱਲਬਾਤ ਕਰਕੇ ਨਵੀਂ ਕਮੇਟੀ ਬਣਾਵੇਗੀ ਅਤੇ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਹੋਣੀ ਜ਼ਰੂਰੀ ਹੈ ਕਿਉਂਕਿ ਗੱਲਬਾਤ ਰਾਹੀਂ ਹੀ ਹੱਲ ਕੱਢਿਆ ਜਾ ਸਕਦਾ ਹੈ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸਮੇਂ ਅਨੁਸਾਰ ਹੀ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ, ਜਿਸ ਲਈ ਸੂਬਾ ਸਰਕਾਰ ਨੇ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਦਿੱਤਾ ਹੈ।
ਤਿੰਨ ਹੋਰ ਕਿਸਾਨ ਸੰਘਰਸ਼ ਦੀ ਭੇਟ ਚੜ੍ਹੇ
ਲੰਬੀ/ਲਹਿਰਾਗਾਗਾ/ਤਰਨ ਤਾਰਨ (ਇਕਬਾਲ ਸਿੰਘ ਸ਼ਾਂਤ/ਰਮੇਸ਼ ਭਾਰਦਵਾਜ/ਗੁਰਬਖਸ਼ਪੁਰੀ): ਦਿੱਲੀ ਦੇ ਟਿਕਰੀ ਬਾਰਡਰ ‘ਤੇ ਹਲਕਾ ਲੰਬੀ ਕੈਂਪ ਵਿਚ ਭੀਟੀਵਾਲਾ ਦੇ ਕਿਸਾਨ ਬੋਹੜ ਸਿੰਘ (35) ਤੇ ਲਹਿਰਾਗਾਗਾ ਦੇ ਪਿੰਡ ਛਾਜਲੀ ਦੇ ਕਿਸਾਨ ਨਿਹੰਗ ਸਿੰਘ ਜੰਗੀਰ ਸਿੰਘ ਖਾਲਸਾ (70) ਅਤੇ ਗਾਜ਼ੀਪੁਰ ਬਾਰਡਰ ‘ਤੇ ਨੌਸ਼ਹਿਰਾ ਪੰਨੂਆਂ ਦੇ ਤੀਰਥ ਸਿੰਘ (53) ਸ਼ਹੀਦ ਹੋ ਗਏ ਹਨ। ਜੰਗੀਰ ਸਿੰਘ ਅਤੇ ਬੋਹੜ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਜੁੜੇ ਹੋਏ ਸਨ। ਬੋਹੜ ਸਿੰਘ ਬਤੌਰ ਵਾਲੰਟੀਅਰ ਬੀਤੀ ਰਾਤ ਆਪਣੇ ਸਾਥੀਆਂ ਸਮੇਤ ਕੈਂਪ ਦੀ ਪਹਿਰੇਦਾਰੀ ਮਗਰੋਂ ਤੜਕੇ ਤਿੰਨ ਵਜੇ ਸੁੱਤਾ ਸੀ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ ਅਨੁਸਾਰ ਸਵੇਰੇ 6-7 ਵਜੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮ੍ਰਿਤ ਪਾਇਆ ਗਿਆ। ਬੋਹੜ ਸਿੰਘ ਦੀ ਮੌਤ ਦਾ ਕਾਰਨ ਹਾਰਟ ਅਟੈਕ ਮੰਨਿਆ ਜਾ ਰਿਹਾ ਹੈ। ਉਸ ਦੀ ਦੇਹ ਬਹਾਦੁਰਗੜ੍ਹ ਦੇ ਸਰਕਾਰੀ ਹਸਤਪਾਲ ‘ਚ ਰਖਵਾਈ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਵਾਰਸਾਂ ਨੂੰ 10 ਲੱਖ ਮੁਆਵਜ਼ਾ, ਨੌਕਰੀ ਅਤੇ ਕਰਜ਼ਾ ੁਆਫ਼ ਕਰਨ ਮਗਰੋਂ ਹੀ ਕਿਸਾਨ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਕਰੀਬ ਚਾਰ ਏਕੜ ਜ਼ਮੀਨ ਦਾ ਮਾਲਕ ਕਿਸਾਨ ਬੋਹੜ ਸਿੰਘ ਪਿਛਲੇ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਟਿਕਰੀ ਬਾਰਡਰ ‘ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ‘ਚ ਡਟਿਆ ਹੋਇਆ ਸੀ। ਪਰਿਵਾਰ ਦੇ ਸਿਰ ‘ਤੇ ਪੰਜ ਲੱਖ ਰੁਪਏ ਦਾ ਬੈਂਕ ਲਿਮਿਟ ਕਰਜ਼ਾ ਅਤੇ ਆੜ੍ਹਤੀਏ ਦੀ ਅੱਠ ਲੱਖ ਰੁਪਏ ਦੀ ਦੇਣਦਾਰੀ ਹੈ। ਉਧਰ ਪਿੰਡ ਛਾਜਲੀ ਦਾ ਨਿਹੰਗ ਜੰਗੀਰ ਸਿੰਘ ਖਾਲਸਾ ਬੀਤੀ ਰਾਤ ਸ਼ਹੀਦ ਹੋ ਗਿਆ। ਉਹ ਦੋ ਹਫ਼ਤਿਆਂ ਤੋਂ ਟਿਕਰੀ ਬਾਰਡਰ ‘ਤੇ ਡਟਿਆ ਹੋਇਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਦਰਬਾਰਾ ਸਿੰਘ ਛਾਜਲਾ ਤੇ ਮੇਲਾ ਸਿੰਘ ਅਤੇ ਮ੍ਰਿਤਕ ਦੇ ਭਤੀਜੇ ਭੋਲਾ ਸਿੰਘ ਨੇ ਦੱਸਿਆ ਕਿ ਜੰਗੀਰ ਸਿੰਘ ਖਾਲਸਾ ਦੀ ਬੀਤੀ ਰਾਤ ਅਚਾਨਕ ਮੌਤ ਹੋ ਗਈ ਹੈ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਹਾਹਦਰਗੜ੍ਹ ‘ਚ ਲਿਜਾਇਆ ਗਿਆ ਸੀ। ਉਸ ਦੀ ਦੇਹ ਬਹਾਦਰਗੜ੍ਹ ਹਸਪਤਾਲ ‘ਚ ਹੀ ਪਈ ਹੈ। ਦਿੱਲੀ ਦੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਮੋਰਚੇ ਵਿਚ ਸ਼ਾਮਲ ਨੌਸ਼ਹਿਰਾ ਪੰਨੂਆਂ ਦੇ ਕਿਸਾਨ ਤੀਰਥ ਸਿੰਘ ਪੰਨੂ ਅੱਜ ਅਕਾਲ ਚਲਾਣਾ ਕਰ ਗਏ| ਉਹ ਮੋਰਚੇ ਵਿਚ ਕਿਸਾਨਾਂ ਲਈ ਲੰਗਰ ਦੀ ਸੇਵਾ ਕਰ ਰਹੇ ਸਨ ਅਤੇ ਠੰਢ ਲੱਗਣ ਕਾਰਨ ਉਨ੍ਹਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਸੀ ਕਿ ਉਹ ਦਮ ਤੋੜ ਗਏ। ਤੀਰਥ ਸਿੰਘ ਪੰਨੂ ਚੀਫ਼ ਖ਼ਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹਰੀ ਸਿੰਘ ਦੇ ਭਾਣਜੇ ਸਨ।