ਕੈਪੀਟਲ ਦੰਗਿਆਂ ’ਚ ਮਦਦ ਕਰਨ ਵਾਲੇ ਸੰਸਦ ਮੈਂਬਰਾਂ ਖ਼ਿਲਾਫ਼ ਕਾਰਵਾਈ ਹੋਵੇ: ਪੇਲੋਸੀ


ਵਾਸ਼ਿੰਗਟਨ, 16 ਜਨਵਰੀ

ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਸੁਝਾਅ ਦਿੱਤਾ ਹੈ ਕਿ ਜਿਹੜਾ ਵੀ ਸੰਸਦ ਮੈਂਬਰ ਵਾਸ਼ਿੰਗਟਨ ਡੀਸੀ ਵਿਚ ਕੈਪੀਟਲ ‘ਤੇ ਹੋਏ ਹੰਗਾਮੇ ਲਈ ਮਦਦ ਦਿੰਦਾ ਪਾਇਆ ਜਾਂਦਾ ਹੈ, ਉਸ ਖ਼ਿਲਾਫ਼ ਅਪਰਾਧਕ ਦੋਸ਼ ਤੈਅ ਕੀਤੇ ਜਾਣੇ ਚਾਹੀਦੇ ਹਨ। ਪੇਲੋਸੀ ਨੇ ਕਿਹਾ ‘ਸਾਨੂੰ ਇਕ-ਦੂਜੇ ਉਤੇ ਭਰੋਸਾ ਕਰਨਾ ਚਾਹੀਦਾ ਹੈ, ਜਿਨ੍ਹਾਂ ਲੋਕਾਂ ਨੇ ਸਾਨੂੰ ਸੰਸਦ ਵਿਚ ਭੇਜਿਆ ਹੈ, ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ।’ ਸਪੀਕਰ ਨੇ ਕਿਹਾ ਕਿ ਜੇ ਇਹ ਸੱਚ ਹੈ ਕਿ ਕਾਂਗਰਸ ਮੈਂਬਰਾਂ ਨੇ ਇਸ ਹੰਗਾਮੇ ਵਿਚ ਸ਼ਾਮਲ ਲੋਕਾਂ ਦੀ ਮਦਦ ਕੀਤੀ ਹੈ ਤਾਂ ਮਾਮਲਾ ਸੰਸਦ ਤੋਂ ਬਾਹਰ ਅਪਰਾਧਕ ਕਾਰਵਾਈ ਤੱਕ ਜਾਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਕੁਝ ਡੈਮੋਕਰੈਟਿਕ ਮੈਂਬਰਾਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਰਿਪਬਲਿਕਨ ਸੰਸਦ ਮੈਂਬਰਾਂ ਨੇ ਦੰਗਾ ਕਰਨ ਵਾਲਿਆਂ ਦੀ ਮਦਦ ਕੀਤੀ ਹੈ। ਡੈਮੋਕਰੈਟਾਂ ਨੇ ਕੈਪੀਟਲ ਪੁਲੀਸ ਦੇ ਮੁਖੀ ਤੇ ਦੋਵਾਂ ਸਦਨਾਂ ਦੇ ਕਾਰਜਕਾਰੀ ਸਾਰਜੈਂਟਾਂ ਨੂੰ ਪੱਤਰ ਲਿਖ ਕੇ ਇਸ ਸਾਰੇ ਹੰਗਾਮੇ ਦੀ ਜਾਂਚ ਮੰਗੀ ਹੈ। ਜ਼ਿਕਰਯੋਗ ਹੈ ਕਿ ਛੇ ਜਨਵਰੀ ਨੂੰ ਵੱਡੀ ਗਿਣਤੀ ਲੋਕਾਂ ਨੇ ਕੈਪੀਟਲ ਹਿੱਲ ‘ਤੇ ਹੱਲਾ ਬੋਲ ਦਿੱਤਾ ਸੀ। -ਆਈਏਐਨਐੱਸ

ਵਿਦੁਰ ਸ਼ਰਮਾ ਕੋਵਿਡ-19 ਸਬੰਧੀ ਟੀਮ ਦੇ ਪਾਲਿਸੀ ਸਲਾਹਕਾਰ ਨਿਯੁਕਤ

ਵਾਸ਼ਿੰਗਟਨ: ਅਮਰੀਕਾ ਦੇ ਅਗਲੇ ਰਾਸ਼ਟਰਪਤੀ ਵਜੋਂ ਚੁਣੇ ਗਏ ਜੌਅ ਬਾਇਡਨ ਨੇ ਭਾਰਤੀ-ਅਮਰੀਕੀ ਸਿਹਤ ਮਾਹਿਰ ਵਿਦੁਰ ਸ਼ਰਮਾ ਨੂੰ ਆਪਣੀ ਕੋਵਿਡ-19 ਰਿਸਪਾਂਸ ਟੀਮ ‘ਚ ਜਾਂਚ ਮਾਮਲਿਆਂ ਦਾ ਸਲਾਹਕਾਰ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਬਾਇਡਨ ਨੇ ਕਰੋਨਾਵਾਇਰਸ ਨੂੰ ਕਾਬੂ ਹੇਠ ਕਰਨ ਲਈ ਪੂਰੇ ਮੁਲਕ ‘ਚ ਟੀਕਾਕਰਨ ਦਾ ਵਿਸਥਾਰ ਕਰਨ ਦਾ ਟੀਚਾ ਤੈਅ ਕੀਤਾ ਹੈ। ਜ਼ਿਕਰਯੋਗ ਹੈ ਕਿ ਓਬਾਮਾ ਪ੍ਰਸ਼ਾਸਨ ਦੌਰਾਨ ਵਿਦੁਰ ਸ਼ਰਮਾ ਨੇ ਘਰੇਲੂ ਨੀਤੀ ਪਰਿਸ਼ਦ ‘ਚ ਸਿਹਤ ਨੀਤੀ ਸਲਾਹਕਾਰ ਦੀ ਜ਼ਿੰਮੇਵਾਰੀ ਨਿਭਾਈ ਸੀ। ਉਨ੍ਹਾਂ ਸਸਤੇ ਸਿਹਤ ਕਾਨੂੰਨ, ਜਿਸ ਨੂੰ ਓਬਾਮਾ ਕੇਅਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਵਕਾਲਤ ਕੀਤੀ ਸੀ। -ਪੀਟੀਆਈ



Source link