ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 18 ਜਨਵਰੀ
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਸਬੰਧੀ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅਖੀਰਲਾ ਦਿਨ ਸੀ। ਤਿੰਨ ਮੈਂਬਰੀ ਚੋਣ ਕਮਿਸ਼ਨਰ ਸੰਜੀਵ ਕੁਮਾਰ, ਗੁਰਦੀਪ ਸਿੰਘ ਅਤੇ ਖ਼ਿਲਾਫ਼ ਚੰਦ ਵੱਲੋਂ ਜਾਰੀ ਸੂਚੀ ਮੁਤਾਬਕ ਮੁੱਖ ਮੁਕਾਬਲਾ ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਅਤੇ ਖੰਗੂੜਾ-ਰਾਣੂ ਵਿਚਕਾਰ ਹੋਣ ਦੇ ਆਸਾਰ ਹਨ। ਭਾਵੇਂ ਐਤਕੀਂ ਤੀਜੇ ਗਰੁੱਪ ਕਾਹਲੋਂ-ਰਾਣਾ ਗਰੁੱਪ ਵੀ ਚੋਣ ਮੈਦਾਨ ਵਿੱਚ ਨਿੱਤਰਿਆ ਹੈ ਪਰ ਤੀਜੀ ਧਿਰ ਨੇ ਮਹਿਜ਼ 9 ਅਹੁਦਿਆਂ ਲਈ ਹੀ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ।
ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਨੂੰ ਨੀਲਾ, ਖੰਗੂੜਾ-ਰਾਣੂ ਗਰੁੱਪ ਨੂੰ ਲਾਲ ਅਤੇ ਕਾਹਲੋਂ-ਰਾਣਾ ਗਰੁੱਪ ਨੂੰ ਹਰਾ ਰੰਗ ਅਲਾਟ ਕੀਤਾ ਗਿਆ ਹੈ। ਕਾਹਲੋਂ-ਰਾਣਾ ਗਰੁੱਪ ਵੱਲੋਂ ਪ੍ਰਧਾਨ ਲਈ ਗੁਰਪ੍ਰੀਤ ਸਿੰਘ ਕਾਹਲੋਂ, ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਵੱਲੋਂ ਪਰਮਜੀਤ ਸਿੰਘ ਪੰਮਾ ਅਤੇ ਖੰਗੂੜਾ ਰਾਣੂ ਗਰੁੱਪ ਵੱਲੋਂ ਪ੍ਰਧਾਨਗੀ ਦੇ ਅਹੁਦੇ ਲਈ ਪਰਵਿੰਦਰ ਸਿੰਘ ਖੰਗੂੜਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਸੀਨੀਅਰ ਮੀਤ ਪ੍ਰਧਾਨ ਲਈ ਕਾਹਲੋਂ-ਰਾਣਾ ਗਰੁੱਪ ਨੇ ਸੰਜੀਵ ਪੰਡਿਤ, ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਨੇ ਰਜਿੰਦਰ ਮੈਣੀ ਅਤੇ ਖੰਗੂੜਾ-ਰਾਣੂ ਗਰੁੱਪ ਵੱਲੋਂ ਗੁਰਚਰਨ ਸਿੰਘ ਤਰਮਾਲਾ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ। ਮੀਤ ਪ੍ਰਧਾਨ-1 ਲਈ ਕਾਹਲੋਂ-ਰਾਣਾ ਗਰੁੱਪ ਵੱਲੋਂ ਰਣਜੀਤ ਸਿੰਘ ਜੱਲਾ, ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਵੱਲੋਂ ਪ੍ਰਭਦੀਪ ਸਿੰਘ ਬੋਪਾਰਾਏ ਅਤੇ ਖੰਗੂੜਾ-ਰਾਣੂ ਗਰੁੱਪ ਵੱਲੋਂ ਪਰਮਜੀਤ ਸਿੰਘ ਬੈਨੀਪਾਲ, ਮੀਤ ਪ੍ਰਧਾਨ-2 ਲਈ ਕਾਹਲੋਂ-ਰਾਣਾ ਗਰੁੱਪ ਨੇ ਕੋਈ ਉਮੀਦਵਾਰ ਨਹੀਂ ਦਿੱਤਾ ਹੈ ਜਦੋਂਕਿ ਸਰਬ-ਸਾਂਝਾ ਮੁਲਾਜ਼ਮ ਭਲਾਈ ਗਰੁੱਪ ਵੱਲੋਂ ਭੀਮ ਚੰਦ ਅਤੇ ਖੰਗੂੜਾ-ਰਾਣੂ ਗਰੁੱਪ ਵੱਲੋਂ ਕੰਵਲਜੀਤ ਕੌਰ ਚੋਣ ਲੜ ਰਹੇ ਹਨ।