ਲੰਡਨ, 20 ਜਨਵਰੀ
ਬਰਤਾਨੀਆਂ ਵਿਚ ਸਿੱਖ ਭਾਈਚਾਰੇ ਦੇ ਦੋ ਵਿਅਕਤੀਆਂ ‘ਤੇ ਇਕ ਵਿਅਕਤੀ ਨੂੰ ਡਰਾਉਣ ਧਮਕਾਉਣ, ਸੜਕ ‘ਤੇ ਲੜਾਈ ਕਰਨ ਅਤੇ ਤਲਵਾਰ ਅਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਲਗਾਏ ਗਏ ਹਨ। ‘ਸਕਾਟਲੈਂਡ ਯਾਰਡ’ ਅਨੁਸਾਰ, ਦੋਵੇਂ ਵਿਅਕਤੀਆਂ ਨੇ ਪੱਛਮੀ ਲੰਡਨ ਦੇ ਸਾਊਥਾਲ ਵਿੱਚ ਸੜਕ ‘ਤੇ ਝੜਪ ਦੌਰਾਨ ਤਲਵਾਰਾਂ ਅਤੇ ਚਾਕੂਆਂ ਦੀ ਵਰਤੋਂ ਕੀਤੀ। ਮੈਟਰੋਪੋਲਿਟਨ ਪੁਲੀਸ ਨੇ ਬਿਆਨ ਵਿੱਚ ਕਿਹਾ ਕਿ ਸੁਖਵੀਰ ਸਿੰਘ (22) ਅਤੇ ਲੱਖਾ ਸਿੰਘ (29) ਨੂੰ ਸੋਮਵਾਰ ਨੂੰ ਵਿਲਸਡਨ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਨੂੰ ਐਤਵਾਰ 17 ਜਨਵਰੀ ਨੂੰ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਫੋਨ ਆਇਆ ਕਿ ਕਿੰਗ ਸਟ੍ਰੀਟ ਵਿੱਚ ਤਕਰੀਬਨ 30 ਲੋਕ ਚਾਕੂ ਅਤੇ ਤਲਵਾਰਾਂ ਸਮੇਤ ਵੱਖ ਵੱਖ ਹਥਿਆਰਾਂ ਨਾਲ ਲੜ ਰਹੇ ਹਨ। ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੋਵਾਂ ਨੂੰ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ ਅਤੇ 15 ਫਰਵਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲੀਸ ਨੇ ਗਵਾਹਾਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।