ਬਾਹਰੀ ਤਾਕਤਾਂ ਅੰਦੋਲਨ ਨੂੰ ਜਾਰੀ ਰੱਖਣਾ ਚਾਹੁੰਦੀਆਂ ਹਨ: ਤੋਮਰ

ਬਾਹਰੀ ਤਾਕਤਾਂ ਅੰਦੋਲਨ ਨੂੰ ਜਾਰੀ ਰੱਖਣਾ ਚਾਹੁੰਦੀਆਂ ਹਨ: ਤੋਮਰ


ਨਵੀਂ ਦਿੱਲੀ, 22 ਜਨਵਰੀ

ਕਿਸਾਨ ਯੂਨੀਅਨਾਂ ਨਾਲ 11ਵੇਂ ਗੇੜ ਦੀ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਕੁੱਝ ਬਾਹਰੀ ਤਾਕਤਾਂ ਆਪਣੇ ਨਿੱਜੀ ਅਤੇ ਸਿਆਸੀ ਮੰਤਵਾਂ ਲਈ ਅੰਦੋਲਨ ਜਾਰੀ ਰੱਖਣਾ ਚਾਹੁੰਦੀਆਂ ਹਨ ਅਤੇ ਜਦੋਂ ਅੰਦੋਲਨ ਆਪਣੀ ਪਵਿੱਤਰਤਾ ਗੁਆ ਲਵੇ ਤਾਂ ਕੋਈ ਹੱਲ ਨਿਕਲਾ ਅਸੰਭਵ ਹੈ, ਜ਼ਾਹਰ ਹੈ ਕਿ ਉਹ ਤਾਕਤਾਂ ਕਿਸਾਨਾਂ ਦੇ ਹਿੱਤਾਂ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ, ”ਅਸੀਂ ਕਿਸਾਨ ਯੂਨੀਅਨਾਂ ਨੂੰ ਸਾਡੀ ਤਜਵੀਜ਼ ‘ਤੇ ਸ਼ਨਿਚਰਵਾਰ ਤੱਕ ਆਪਣਾ ਫ਼ੈਸਲਾ ਦੱਸਣ ਲਈ ਕਿਹਾ ਹੈ। ਜੇਕਰ ਉਹ ਸਹਿਮਤ ਹਨ ਤਾਂ ਅਸੀਂ ਮੁੜ ਮੀਟਿੰਗ ਕਰਾਂਗੇ।” ਉਨ੍ਹਾਂ ਕਿਹਾ, ” ਸਰਕਾਰ ਹਮੇਸ਼ਾ ਕਹਿੰਦੀ ਰਹੀ ਹੈ ਕਿ ਉਹ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਹੋਰ ਕਿਸੇ ਬਦਲ ਬਾਰੇ ਵਿਚਾਰ ਕਰਨ ਨੂੰ ਤਿਆਰ ਹੈ, ਸਾਡੀ ਤਜਵੀਜ਼ ਕਿਸਾਨਾਂ ਅਤੇ ਦੇਸ਼ ਦੇ ਹਿੱਤ ਵਿੱਚ ਹੈ।” ਉਨ੍ਹਾਂ ਕਿਹਾ, ”ਅਸੀਂ ਕੱਲ੍ਹ ਤੱਕ ਕਿਸਾਨ ਯੂਨੀਅਨਾਂ ਦੇ ਆਖ਼ਰੀ ਫ਼ੈਸਲੇ ਦੀ ਉਡੀਕ ਕਰਾਂਗੇ। ਅਸੀਂ ਕਿਸਾਨਾਂ ਨੂੰ ਕਿਹਾ ਹੈ ਕਿ ਕਾਨੂੰਨ ਰੱਦ ਕਰਵਾਉਣ ਤੋਂ ਬਿਨਾਂ ਜੇਕਰ ਉਨ੍ਹਾਂ ਕੋਲ ਸਾਡੀ ਪੇਸ਼ਕਸ਼ ਤੋਂ ਬਿਹਤਰ ਕੋਈ ਤਜਵੀਜ਼ ਹੈ ਤਾਂ ਰੱਖਣ।” ਤੋਮਰ ਨੇ ਕਿਹਾ ਕਿ ਇਹ ਅੰਦੋਲਨ ਖ਼ਾਸ ਕਰ ਪੰਜਾਬ ਅਤੇ ਕੁੱਝ ਹੋਰ ਸੂਬਿਆਂ ਵੱਲੋਂ ਚਲਾਇਆ ਜਾ ਰਿਹਾ ਹੈ। -ਪੀਟੀਆਈ



Source link