ਮੁੰਬਈ, 22 ਜਨਵਰੀ
ਐੱਨਸੀਪੀ ਆਗੂ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਉਹ ਕਿਸਾਨਾਂ ਵੱਲੋਂ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਮੁੰਬਈ ‘ਚ ਵਿਉਂਤੇ ਜਾਣ ਵਾਲੇ ਧਰਨੇ ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ ਕਰਨਗੇ। ਮੁੰਬਈ ਤੋਂ 375 ਕਿਲੋਮੀਟਰ ਦੂਰ ਕੋਲ੍ਹਾਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਖੇਤੀ ਮੰਤਰੀ ਨੇ ਕਿਹਾ, ”ਕਿਸਾਨਾਂ ਨੇ ਨਵੇਂ ਕਾਨੂੰਨਾਂ ਨੂੰ 18 ਮਹੀਨਿਆਂ ਲਈ ਮੁਅੱਤਲ ਕਰਨ ਦੀ ਮੋਦੀ ਸਰਕਾਰ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ। ਉਹ ਮੋਦੀ ਸਰਕਾਰ ਨੂੰ ਸਾਫ਼ ਕਰ ਚੁੱਕੇ ਹਨ ਕਿ ਪਹਿਲਾਂ ਕਾਨੂੰਨਾਂ ‘ਤੇ ਲੀਕ ਮਾਰੀ ਜਾਵੇ ਤੇ ਮਗਰੋਂ ਵਿਚਾਰ ਚਰਚਾ ਲਈ ਬੈਠੀਏ।’ ਪਵਾਰ ਨੇ ਕਿਹਾ, ‘ਮਹਾਰਾਸ਼ਟਰ ਤੋਂ ਕਿਸਾਨ ਅੰਦੋਲਨ ਦੇ ਹਮਾਇਤੀ ਕੁਝ ਲੋਕ ਮੁੱਖ ਮੰਤਰੀ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਉਹ 24 ਜਾਂ 25 ਜਨਵਰੀ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਹਮਾਇਤ ਕਰਨ ਵਾਲੇ ਲੋਕਾਂ ਨੂੰ ਇਕੱਠਿਆਂ ਕਰਨਗੇ। ਉਨ੍ਹਾਂ ਮੁੱਖ ਮੰਤਰੀ ਤੇ ਮੈਨੂੰ ਵੀ ਸੱਦਾ ਦਿੱਤਾ। ਅਸੀਂ ਸ਼ਾਮਲ ਹੋਣ ਦੀ ਹਾਮੀ ਭਰ ਦਿੱਤੀ ਹੈ।’ -ਪੀਟੀਆਈ