ਸ਼ੇਅਰ ਬਾਜ਼ਾਰ ਰਿਕਾਰਡ 50 ਹਜ਼ਾਰ ਦੇ ਅੰਕੜੇ ਨੂੰ ਛੂਹ ਕੇ ਮੁੜਿਆ


ਮੁੰਬਈ, 21 ਜਨਵਰੀ

ਅਮਰੀਕਾ ਵਿੱਚ ਸੱਤਾ ਤਬਦੀਲੀ ਮਗਰੋਂ ਆਲਮੀ ਰੁਝਾਨਾਂ ਵਿੱਚ ਤੇਜ਼ੀ ਅਤੇ ਬੈਂਕਿੰਗ, ਫਾਇਨਾਂਸ ਤੇ ਆਈਟੀ ਸੈਕਟਰਾਂ ਵਿੱਚ ਨਿਵੇਸ਼ ਵਧਣ ਸਦਕਾ ਸ਼ੇਅਰ ਬਾਜ਼ਾਰ ਅੱਜ ਦਿਨ ਦੇ ਕਾਰੋਬਾਰ ਦੌਰਾਨ ਇਕ ਵਾਰ ਰਿਕਾਰਡ 50,000 ਦੇ ਪੱਧਰ ਨੂੰ ਪਾਰ ਕਰ ਗਿਆ। ਹਾਲਾਂਕਿ ਦਿਨ ਢਲਣ ਦੇ ਨਾਲ ਹੀ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕਾਂਕ 0.34 ਫੀਸਦ ਦੇ ਨਿਘਾਰ ਨਾਲ 49,624.76 ਦੇ ਪੱਧਰ ‘ਤੇ ਬੰਦ ਹੋਇਆ।

ਐੱਨਐੱਸਈ ਦਾ ਨਿਫਟੀ ਵੀ 54.35 ਨੁਕਤਿਆਂ ਦੇ ਨੁਕਸਾਨ ਨਾਲ 14590.35 ‘ਤੇ ਬੰਦ ਹੋਇਆ। ਬੀਐੱਸਈ ਵਿੱਚ ਓਐੱਨਜੀਸੀ ਨੂੰ ਸਭ ਤੋਂ ਵੱਧ 4 ਫੀਸਦ ਦਾ ਘਾਟਾ ਝੱਲਣਾ ਪਿਆ। ਭਾਰਤੀ ਏਅਰਟੈੱਲ, ਐੱਸਬੀਆਈ, ਇੰਡਸਇੰਡ ਬੈਂਕ, ਐੱਨਟੀਪੀਸੀ, ਸਨ ਫਾਰਮਾ ਤੇ ਆਈਟੀਸੀ ਦੇ ਸ਼ੇਅਰਾਂ ਦੇ ਭਾਅ ਵੀ ਡਿੱਗੇ। ਜਿਨ੍ਹਾਂ ਕੰਪਨੀਆਂ ਨੇ ਅੱਜ ਮੁਨਾਫ਼ਾ ਖੱਟਿਆ ਉਨ੍ਹਾਂ ਵਿੱਚ ਬਜਾਜ ਫਾਇਨਾਂਸ, ਬਜਾਜ ਆਟੋ, ਰਿਲਾਇੰਸ ਇੰਡਸਟਰੀਜ਼, ਬਜਾਜ ਫਿਨਸਰਵ ਤੇ ਏਸ਼ੀਅਨ ਪੇਂਟਸ ਸ਼ਾਮਲ ਹਨ। -ਪੀਟੀਆਈSource link