ਕਰੋਨਾ ਤੋਂ ਬਚਾਅ ਲਈ ਵੈਕਸੀਨ ਭੇਜਣ ’ਤੇ ਹਸੀਨਾ ਵੱਲੋਂ ਮੋਦੀ ਦਾ ਧੰਨਵਾਦ

ਕਰੋਨਾ ਤੋਂ ਬਚਾਅ ਲਈ ਵੈਕਸੀਨ ਭੇਜਣ ’ਤੇ ਹਸੀਨਾ ਵੱਲੋਂ ਮੋਦੀ ਦਾ ਧੰਨਵਾਦ


ਢਾਕਾ, 22 ਜਨਵਰੀ

ਕਰੋਨਾਵਾਇਰਸ ਤੋਂ ਬਚਾਅ ਲਈ ਭਾਰਤ ਵਿਚ ਬਣਾਈ ਵੈਕਸੀਨ ਦੀ 20 ਲੱਖ ਡੋਜ਼ ਤੋਹਫ਼ੇ ਵਜੋਂ ਬੰਗਲਾਦੇਸ਼ ਭੇਜਣ ਲਈ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।

ਜ਼ਿਕਰਯੋਗ ਹੈ ਕਿ ਭਾਰਤ ਨੇ ਕਰੋਨਾਵਾਇਰਸ ਤੋਂ ਬਚਾਅ ਲਈ ਦੇਸ਼ ਵਿੱਚ ਬਣਾਈ ਕੋਵੀਸ਼ੀਲਡ ਨਾਂ ਦੀ ਵੈਕਸੀਨ ਦੀ 20 ਲੱਖ ਡੋਜ਼ ਵੀਰਵਾਰ ਨੂੰ ਬੰਗਲਾਦੇਸ਼ ਦੇ ਸਪੁਰਦ ਕੀਤੀ ਹੈ। ਭਾਰਤ ਵੱਲੋਂ ਇਹ ਵੈਕਸੀਨ ਅਜਿਹੇ ਮੁਸ਼ਕਿਲ ਸਮੇਂ ਵਿੱਚ ਦਿੱਤੀ ਗਈ ਹੈ ਜਦੋਂ ਬੰਗਲਾਦੇਸ਼ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਧ ਰਹੀ ਹੈ।

ਬੀਤੇ ਦਿਨ ਢਾਕਾ ਯੂਨੀਵਰਸਿਟੀ ਦੇ 100ਵੇਂ ਸਥਾਪਨਾ ਵਰ੍ਹੇ ਮੌਕੇ ਕਰਵਾਈ ਗਈ ਆਨਲਾਈਨ ਕੌਮਾਂਤਰੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ, ”ਤੋਹਫ਼ੇ ਵਜੋਂ ਕਰੋਨਾਵਾਇਰਸ ਤੋਂ ਬਚਾਅ ਲਈ ਵੈਕਸੀਨ ਦੀ ਖੇਪ ਭੇਜਣ ਵਾਸਤੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੀ ਹਾਂ।” ਇੱਥੇ ਪਹੁੰਚੀ ਇਸ ਖੇਪ ਤੋਂ ਇਲਾਵਾ ਬੰਗਲਾਦੇਸ਼ ਭਾਰਤ ਵਿੱਚ ਕਰੋਨਾ ਤੋਂ ਬਚਾਅ ਲਈ ਬਣੀ ਵੈਕਸੀਨ ਦੀ ਤਿੰਨ ਕਰੋੜ ਡੋਜ਼ ਖ਼ਰੀਦਣ ਦੀ ਤਿਆਰੀ ਕਰ ਚੁੱਕਿਆ ਹੈ। ਹਸੀਨਾ ਨੇ ਆਸ ਪ੍ਰਗਟਾਈ ਕਿ ਬੰਗਲਾਦੇਸ਼ ਵੱਲੋਂ ਭਾਰਤ ਤੋਂ ਖ਼ਰੀਦੀ ਗਈ ਵੈਕਸੀਨ 25-26 ਜਨਵਰੀ ਤੱਕ ਇੱਥੇ ਪਹੁੰਚ ਜਾਵੇਗੀ।

-ਪੀਟੀਆਈ



Source link