ਸਾਕਾ ਜੱਲ੍ਹਿਆਂਵਾਲਾ ਬਾਗ: ਸਿਆਸੀ ਲਾਹੇ ਲਈ ਕਾਂਗਰਸ ਬਣਾ ਰਹੀ ਹੈ ਨਵਾਂ ਸਮਾਰਕ: ਸ਼ਵੇਤ ਮਲਿਕ


ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 22 ਜਨਵਰੀ

ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਸਥਾਨਕ ਰਣਜੀਤ ਐਵੇਨਿਊ ਦੇ ਅੰਮ੍ਰਿਤ ਆਨੰਦ ਪਾਰਕ ਵਿੱਚ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਵਿੱਚ ਇਕ ਹੋਰ ਸਮਾਰਕ ਬਣਾਉਣ ਦੇ ਫ਼ੈਸਲੇ ‘ਤੇ ਭਾਜਪਾ ਨੇ ਕਿੰਤੂ-ਪ੍ਰੰਤੂ ਕਰਦਿਆਂ ਇਸ ਨੂੰ ਸਿਆਸੀ ਲਾਹਾ ਲੈਣ ਵਾਲੀ ਯੋਜਨਾ ਕਰਾਰ ਦਿੱਤਾ ਹੈ। ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਅੱਜ ਮੀਡੀਆ ਨਾਲ ਗੱਲ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਵਿੱਚ ਰਹੀਆਂ ਕਾਂਗਰਸ ਦੀਆਂ ਸਰਕਾਰਾਂ ਨੇ ਆਜ਼ਾਦੀ ਤੋਂ ਬਾਅਦ ਹੁਣ ਤਕ ਲੰਮਾ ਸਮਾਂ ਰਾਜ ਕੀਤਾ ਪਰ ਕਦੇ ਵੀ ਜੱਲ੍ਹਿਆਂਵਾਲਾ ਬਾਗ ਸ਼ਹੀਦੀ ਸਮਾਰਕ ਦੀ ਸਾਰ ਨਹੀਂ ਲਈ, ਜਦ ਕਿ ਜੱਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ ਟਰਸੱਟ ਵਿੱਚ ਵੀ ਕਾਂਗਰਸੀ ਨੁਮਾਇੰਦੇ ਸ਼ਾਮਲ ਰਹੇ ਹਨ। ਉਨ੍ਹਾਂ ਦੇ ਰਾਜ ਦੌਰਾਨ ਇਸ ਸ਼ਹੀਦੀ ਸਮਾਰਕ ਦੀ ਸਥਿਤੀ ਬਦਤਰ ਹੋ ਚੁੱਕੀ ਸੀ। ਹੁਣ ਜਦੋਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜੱਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਮੌਕੇ ਇਥੇ ਵੱਡੇ ਪੱਧਰ ‘ਤੇ ਵਿਕਾਸ ਕੀਤਾ ਗਿਆ ਤਾਂ ਸੂਬਾ ਸਰਕਾਰ ਇਸ ਦਾ ਲਾਹਾ ਲੈ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਕੁਝ ਨਾ ਕਰਨ ਕਰਕੇ ਦੋਸ਼ੀ ਮਹਿਸੂਸ ਕਰ ਰਹੇ ਹਨ ਅਤੇ ਇਸੇ ਭਾਵਨਾ ਦੇ ਮੱਦੇਨਜ਼ਰ ਸ਼ਹੀਦੀ ਸਮਾਰਕ ਤੋਂ ਪੰਜ ਕਿਲੋਮੀਟਰ ਦੂਰ ਇਕ ਹੋਰ ਨਵਾਂ ਸਮਾਰਕ ਬਣਾਉਣ ਜਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸ ਨਵੇਂ ਸਮਾਰਕ ਨੂੰ ਸ਼ਹੀਦੀ ਸਮਾਰਕ ‘ਚ ਕਿਉਂ ਨਹੀਂ ਬਣਾ ਰਹੀ?

ਹੋਰ ਯਾਦਗਾਰ ਬਣਾਉਣ ‘ਤੇ ਇਤਰਾਜ਼

ਪੰਜਾਬ ਸਰਕਾਰ ਵੱਲੋਂ ਸਾਕਾ ਜੱਲ੍ਹਿਆਂਵਾਲਾ ਬਾਗ ਦੀ ਇੱਕ ਹੋਰ ਯਾਦਗਾਰ ਬਣਾਏ ਜਾਣ ਦੇ ਫ਼ੈਸਲੇ ‘ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਜੱਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ ਟਰੱਸਟ ਦੇ ਮੈਂਬਰ ਤਰਲੋਚਨ ਸਿੰਘ ਨੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਹੀ ਸ਼ਹਿਰ ਵਿੱਚ ਦੋ ਯਾਦਗਾਰਾਂ ਬਣਾਉਣਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਸਰਕਾਰ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਕੋਈ ਹੋਰ ਯਾਦਗਾਰ ਬਣਾਉਣਾ ਚਾਹੁੰਦੀ ਹੈ ਤਾਂ ਉਹ ਮੌਜੂਦਾ ਯਾਦਗਾਰ ਕੈਂਪਸ ਵਿੱਚ ਹੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਵੀ ਇਸ ਟਰਸੱਟ ਦੇ ਮੈਂਬਰ ਹਨ ਅਤੇ ਉਨ੍ਹਾਂ ਨੂੰ ਇਹ ਮਾਮਲਾ ਟਰਸੱਟ ਦੀ ਮੀਟਿੰਗ ਵਿੱਚ ਰੱਖਣਾ ਚਾਹੀਦਾ ਹੈ। ਕੋਈ ਵੀ ਯਾਦਗਾਰ ਘਟਨਾ ਵਾਲੀ ਥਾਂ ‘ਤੇ ਹੀ ਬਣਾਈ ਜਾਣੀ ਚਾਹੀਦੀ ਹੈ।



Source link