ਰੈਲੀ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਕਿਸਾਨ ਮੁੰਬਈ ਪਹੁੰਚੇ


ਮੁੰਬਈ, 24 ਜਨਵਰੀ

ਇੱਥੋਂ ਦੇ ਆਜ਼ਾਦ ਮੈਦਾਨ ਵਿੱਚ 25 ਜਨਵਰੀ ਨੂੰ ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਹੋਣ ਵਾਲੀ ਰੈਲੀ ਵਿੱਚ ਸ਼ਾਮਲ ਹੋਣ ਲਈ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹਜ਼ਾਰਾਂ ਕਿਸਾਨ ਅੱਜ ਸ਼ਾਮ ਮੁੰਬਈ ਪਹੁੰਚ ਗੲੇ ਹਨ। ਉੱਧਰ, ਦੱਖਣੀ ਮੁੰਬਈ ਵਿੱਚ ਰੈਲੀ ਵਾਲੇ ਸਥਾਨ ‘ਤੇ ਪੁਲੀਸ ਨੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਰਾਜ ਦੀ ਰਿਜ਼ਰਵ ਪੁਲੀਸ ਫੋਰਸ ਦੇ ਜਵਾਨ ਇਸ ਜਗ੍ਹਾ ‘ਤੇ ਤਾਇਨਾਤ ਕਰ ਦਿੱਤੇ ਗਏ ਹਨ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਰੈਲੀ ‘ਤੇ ਨਜ਼ਰ ਰੱਖਣ ਲਈ ਡਰੋਨਾਂ ਦਾ ਇਸਤੇਮਾਲ ਵੀ ਕੀਤਾ ਜਾਵੇਗਾ।

ਅੱਜ ਸਵੇਰੇ ਕਸਾਰਾ ਘਾਟ ਤੋਂ ਵੱਡੀ ਗਿਣਤੀ ਕਿਸਾਨਾਂ ਵੱਲੋਂ ਸੱਤ ਕਿਲੋਮੀਟਰ ਲੰਬਾ ਮਾਰਚ ਕੱਢਿਆ ਗਿਆ ਜਿਸ ਵਿੱਚ ਔਰਤਾਂ ਨੇ ਵਧ-ਚੜ੍ਹ ਕੇ ਭਾਗ ਲਿਆ। ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਅਸ਼ੋਕ ਧਾਵਲੇ ਅਤੇ ਕਿਸਾਨ ਗੁਜਰ ਦੇ ਸੂਬਾ ਪ੍ਰਧਾਨ ਤੇ ਜਨਰਲ ਸਕੱਤਰ ਅਜੀਤ ਨਵਾਲੇ ਦੀ ਅਗਵਾਈ ਹੇਠ ਕੱਢੇ ਗਏ ਇਸ ਮਾਰਚ ਦਾ ਰਸਤੇ ‘ਚ ਇਗਤਪੁਰੀ ਤੇ ਸ਼ਾਹਾਪੁਰ ਤਹਿਸੀਲਾਂ ਦੀਆਂ ਫੈਕਟਰੀਆਂ ਦੇ ਸੀਟੂ ਨਾਲ ਸਬੰਧਤ ਵਰਕਰਾਂ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ। ਕਲਿਆਣ-ਭਿਵੰਡੀ ਸੜਕ ‘ਤੇ ਕਿਸਾਨਾਂ ਨੂੰ ਖਾਣੇ ਦੇ ਪੈਕੇਟ ਦਿੱਤੇ ਗਏ। ਉਪਰੰਤ ਮੁਲੰਡ ਨਾਕੇ ਰਾਹੀਂ ਕਿਸਾਨ ਮੁੰਬਈ ‘ਚ ਦਾਖ਼ਲ ਹੋਏ।

ਇਸ ਤੋਂ ਪਹਿਲਾਂ ਆਲ ਇੰਡੀਆ ਕਿਸਾਨ ਸਭਾ ਦੀ ਮਹਾਰਾਸ਼ਟਰ ਇਕਾਈ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਮੁੰਬਈ ਰੈਲੀ ਵਿੱਚ ਸ਼ਾਮਲ ਹੋਣ ਲਈ ਕਰੀਬ 15000 ਕਿਸਾਨ ਵੱਖ-ਵੱਖ ਟੈਂਪੂਆਂ ਤੇ ਹੋਰ ਵਾਹਨਾਂ ਰਾਹੀਂ ਨਾਸਿਕ ਤੋਂ ਨਿਕਲ ਚੁੱਕੇ ਹਨ। ਸੋਮਵਾਰ ਨੂੰ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਤੇ ਸੱਤਾ ‘ਤੇ ਕਾਬਜ਼ ਮਹਾ ਵਿਕਾਸ ਅਗਾੜੀ ਦੇ ਪ੍ਰਮੁੱਖ ਆਗੂ ਰੈਲੀ ਨੂੰ ਸੰਬੋਧਨ ਕਰਨਗੇ। ਮਹਾ ਵਿਕਾਸ ਅਗਾੜੀ ਦੀ ਭਾਈਵਾਲ ਕਾਂਗਰਸ ਦੀ ਰਾਜ ਇਕਾਈ ਪਹਿਲਾਂ ਹੀ ਇਸ ਪ੍ਰਦਰਸ਼ਨ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਚੁੱਕੀ ਹੈ।

ਆਲ ਇੰਡੀਆ ਕਿਸਾਨ ਸਭਾ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ਤੋਂ ਕਿਸਾਨ ਨਾਸਿਕ ਵਿੱਚ ਇਕੱਠੇ ਹੋਏ ਅਤੇ ਸ਼ਨਿਚਰਵਾਰ ਨੂੰ ਉੱਥੋਂ ਮੁੰਬਈ ਰੈਲੀ ‘ਚ ਸ਼ਮੂਲੀਅਤ ਕਰਨ ਲਈ ਨਿਕਲ ਚੁੱਕੇ ਸਨ। ਵੱਡੀ ਗਿਣਤੀ ਕਿਸਾਨ ਰਸਤੇ ਵਿੱਚ ਇਸ ਕਾਫ਼ਲੇ ‘ਚ ਸ਼ਾਮਲ ਹੋਣਗੇ। ਕਿਸਾਨਾਂ ਦਾ ਇਹ ਕਾਫ਼ਲਾ ਰਾਤ ਨੂੰ ਆਰਾਮ ਕਰਨ ਲਈ ਘਟਨਦੇਵੀ ਵਿੱਚ ਰੁਕਿਆ ਸੀ। ਅੱਜ ਸਵੇਰੇ ਕਸਾਰਾ ਘਾਟ ਤੋਂ ਵੀ ਵੱਡੀ ਗਿਣਤੀ ਕਿਸਾਨਾਂ ਨੇ ਮੁੰਬਈ ਲਈ ਪੈਦਲ ਹੀ ਚਾਲੇ ਪਾ ਦਿੱਤੇ, ਹਾਲਾਂਕਿ ਕਈ ਕਿਸਾਨ ਵਾਹਨਾਂ ‘ਚ ਮੁੰਬਈ ਲਈ ਨਿਕਲ ਗਏ ਹਨ। ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਰੈਲੀ ਤਿੰਨ ਕਿਸਾਨ ਬਿੱਲਾਂ ਨੂੰ ਰੱਦ ਕਰਾਉਣ ਲਈ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਨੂੰ ਸਮਰਥਨ ਦੇਣ ਲਈ ਕੀਤੀ ਜਾ ਰਹੀ ਹੈ।

ਸਮਯੁਕਤ ਕਿਸਾਨ ਮੋਰਚੇ ਵੱਲੋਂ 23 ਜਨਵਰੀ ਤੋਂ 26 ਜਨਵਰੀ ਤੱਕ ਸਾਰੇ ਸੂਬਿਆਂ ਵਿੱਚ ਰਾਜਭਵਨਾਂ ਦੇ ਘਿਰਾਓ ਸਮੇਤ ਕੌਮੀ ਪੱਧਰੀ ਸੰਘਰਸ਼ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 12 ਜਨਵਰੀ ਨੂੰ ਮੁੰਬਈ ਵਿੱਚ ਹੋਈ ਇਕ ਮੀਟਿੰਗ ਦੌਰਾਨ 100 ਜਥੇਬੰਦੀਆਂ ਨੇ ਮਿਲ ਕੇ ਸਮਯੁਕਤ ਸ਼ੇਤਕਾਰੀ ਕਾਮਗਾਰ ਮੋਰਚਾ ਮਹਾਰਾਸ਼ਟਰ ਬਣਾਇਆ ਸੀ ਅਤੇ ਇਸ ਮੋਰਚੇ ਨੇ 24 ਤੋਂ 26 ਜਨਵਰੀ ਤੱਕ ਸਾਂਝੇ ਤੌਰ ‘ਤੇ ਇੱਥੋਂ ਦੇ ਆਜ਼ਾਦ ਮੈਦਾਨ ਵਿੱਚ ਬੈਠਣ ਦਾ ਸੱਦਾ ਦਿੱਤਾ ਸੀ।

ਰਿਲੀਜ਼ ਅਨੁਸਾਰ 25 ਜਨਵਰੀ ਨੂੰ ਸਵੇਰੇ 11 ਵਜੇ ਇਕ ਜਨ ਸਭਾ ਹੋਵੇਗੀ। ਇਸ ਦੌਰਾਨ ਰੈਲੀ ਨੂੰ ਸ੍ਰੀ ਪਵਾਰ ਤੋਂ ਇਲਾਵਾ ਸੂਬਾ ਕਾਂਗਰਸ ਦੇ ਪ੍ਰਧਾਨ ਤੇ ਮਾਲ ਮੰਤਰੀ ਬਾਲਾ ਸਾਹਿਬ ਥੋਰਾਟ ਅਤੇ ਸ਼ਿਵ ਸੈਨਾ ਆਗੂ ਤੇ ਸੈਰ-ਸਪਾਟਾ ਮੰਤਰੀ ਆਦਿੱਤਿਆ ਠਾਕਰੇ ਵੀ ਸੰਬੋਧਨ ਕਰਨਗੇ। ਉਪਰੰਤ ਪ੍ਰਦਰਸ਼ਨਕਾਰੀ ਰਾਜ ਭਵਨ ਵੱਲ ਮਾਰਚ ਕਰਨਗੇ ਅਤੇ ਰਾਜਪਾਲ ਬੀ.ਐੱਸ. ਕੋਸ਼ਿਆਰੀ ਨੂੰ ਇਕ ਮੰਗ ਪੱਤਰ ਸੌਂਪਣਗੇ। ਪ੍ਰਦਰਸ਼ਨਕਾਰੀਆਂ ਨੇ ਆਜ਼ਾਦ ਮੈਦਾਨ ‘ਚ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਇਸ ਸੰਘਰਸ਼ ਨੂੰ ਸਫ਼ਲ ਬਣਾਉਣ ਦਾ ਅਹਿਦ ਲੈਣ ਦਾ ਫ਼ੈਸਲਾ ਵੀ ਲਿਆ ਹੈ। -ਪੀਟੀਆਈ

ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ: ਕਮਲ ਨਾਥ

ਇੰਦੌਰ: ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲ ਨਾਥ ਨੇ ਭੁਪਾਲ ਵਿੱਚ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਾਂਗਰਸ ਪਾਰਟੀ ਦੇ ਵਰਕਰਾਂ ‘ਤੇ ਬਲ ਪ੍ਰਯੋਗ ਕੀਤੇ ਜਾਣ ਸਬੰਧੀ ਅੱਜ ਰਾਜ ਸਰਕਾਰ ‘ਤੇ ਹੱਲਾ ਬੋਲਿਆ। ਉਨ੍ਹਾਂ ਦੋਸ਼ ਲਾਇਆ ਕਿ ਰਾਜ ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਥੋਂ ਕਰੀਬ 50 ਕਿਲੋਮੀਟਰ ਦੂਰ ਦੇਪਾਲਪੁਰ ਵਿੱਚ ਸ੍ਰੀ ਨਾਥ ਵੱਲੋਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਜ਼ਾਹਿਰ ਕਰਨ ਲਈ ਇਕ ਟਰੈਕਟਰ ਰੈਲੀ ਦੀ ਅਗਵਾਈ ਕੀਤੀ ਗਈ। ਇਸ ਦੌਰਾਨ ਉਹ ਟਰੈਕਟਰ ਚਲਾਉਂਦੇ ਵੀ ਦਿਖੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਨਾਥ ਨੇ ਕਿਹਾ, ”ਭੁਪਾਲ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਸੱਤਾ ‘ਤੇ ਕਾਬਜ਼ ਭਾਜਪਾ ਇਹ ਨਹੀਂ ਸਮਝਦੀ ਕਿ ਦੇਸ਼ ਵਿੱਚ ਸਭ ਤੋਂ ਵੱਧ ਆਬਾਦੀ ਕਿਸਾਨਾਂ ਦੀ ਹੈ।” -ਪੀਟੀਆਈ



Source link