ਕੇਪੀ ਸਿੰਘ
ਗੁਰਦਾਸਪੁਰ, 27 ਜਨਵਰੀ
ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਤੇ ਅਦਕਾਰ ਸਨੀ ਦਿਓਲ ਨੇ ਕਿਹਾ ਹੈ ਕਿ ਲਾਲ ਕਿਲ੍ਹੇ ‘ਤੇ ਨਿਸ਼ਾਨ ਸਾਹਿਬ ਲਹਿਰਾ ਕੇ ਕਿਸਾਨਾਂ ਦਾ ਅਕਸ ਵਿਗਾੜਨ ਵਾਲੇ ਦੀਪ ਸਿੱਧੂ ਨਾਲ ਉਹ ਪਹਿਲਾਂ ਹੀ ਸਬੰਧ ਤੋੜ ਚੁੱਕਿਆ ਹੈ। ਫਰਵਰੀ 2019 ਵਿਚ ਜਦੋਂ ਸਨੀ ਦਿਓਲ ਨੇ ਗੁਰਦਾਸਪੁਰ ਸੰਸਦੀ ਸੀਟ ਲਈ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਦੀਪ ਸਿੱਧੂ ਨੂੰ ਮਹੱਤਵਪੂਰਨ ਹਸਤੀ ਦੇ ਰੂਪ ਵਿਚ ਦੇਖਿਆ ਗਿਆ ਸੀ। ਮੁਹਿੰਮ ਦੌਰਾਨ ਉਹ ਚੋਣਾਂ ਸਬੰਧੀ ਸਨੀ ਦਿਓਲ ਤੱਕ ਮਹੱਤਵਪੂਰਨ ਜਾਣਕਾਰੀ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਰਿਹਾ। ਇੱਥੋਂ ਤੱਕ ਕਿ ਦੀਪ ਸਿੱਧੂ ਵੱਲੋਂ ਹਲਕੇ ਦੇ ਚਾਰ ਮੁੱਖ ਸ਼ਹਿਰਾਂ ਪਠਾਨਕੋਟ, ਗੁਰਦਾਸਪੁਰ, ਦੀਨਾਨਗਰ ਅਤੇ ਬਟਾਲਾ ਵਿੱਚ ਭਾਜਪਾ ਨੇਤਾਵਾਂ ਦੀਆਂ ਮੀਟਿੰਗਾਂ ਵੀ ਕੀਤੀਆਂ ਗਈਆਂ। ਇਹ ਵੀ ਕਿਹਾ ਜਾਂਦਾ ਰਿਹਾ ਕਿ ਸਨੀ ਦੇ ਪਿਤਾ ਧਰਮਿੰਦਰ ਦੇ ਕਹਿਣ ‘ਤੇ ਸਿੱਧੂ ‘ਵਿਜੇਤਾ’ ਫ਼ਿਲਮਾਂ ਦੇ ਬੈਨਰ ਹੇਠ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਜਾ ਰਿਹਾ ਹੈ। ਧਰਮਿੰਦਰ ਜਦੋਂ ਆਪਣੀ ਪਤਨੀ ਪ੍ਰਕਾਸ਼ ਕੌਰ ਦੇ ਨਾਲ ਆਪਣੇ ਲੜਕੇ ਸਨੀ ਲਈ ਪ੍ਰਚਾਰ ਕਰਨ ਲਈ ਹਲਕੇ ਵਿੱਚ ਆਇਆ ਸੀ ਤਾਂ ਦੀਪ ਸਿੱਧੂ ਹੀ ਸੀ ਜਿਸ ਨੇ ਉਨ੍ਹਾਂ ਦੇ ਰਹਿਣ ਅਤੇ ਦੇਖਭਾਲ ਦਾ ਪ੍ਰਬੰਧ ਕੀਤਾ ਸੀ। ਸੂਤਰ ਦੱਸਦੇ ਹਨ ਕਿ ਦਿਓਲ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਸਿੱਧੂ ਨੇ ਆਪਣੇ ਖ਼ੁਦ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਸਨੀ ਦਿਓਲ ਦੇ ਨਾਮ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਇਹ ਸਨੀ ਦਿਓਲ ਨੂੰ ਬਿਲਕੁਲ ਪਸੰਦ ਨਹੀਂ ਆਇਆ, ਜਿਸ ਤੋਂ ਬਾਅਦ ਉਸ ਨੇ ਦੀਪ ਸਿੱਧੂ ਨਾਲ ਸਬੰਧ ਤੋੜ ਲਿਆ।