ਆਸਟਰੇਲੀਆ ਸਰਕਾਰ ਤੇ ਗੂਗਲ ਵਿਚਾਲੇ ਟਕਰਾਅ ਜਾਰੀ


ਹਰਜੀਤ ਲਸਾੜਾ
ਬ੍ਰਿਸਬੇਨ, 28 ਜਨਵਰੀ

ਗੂਗਲ ਨੇ ਆਸਟਰੇਲੀਆ ਸਰਕਾਰ ਨੂੰ ਕਿਹਾ ਹੈ ਕਿ ਨਵੇਂ ਪ੍ਰਸਤਾਵਿਤ ਕਾਨੂੰਨ ਵਿਚ ਤਬਦੀਲੀ ਕੀਤੀ ਜਾਵੇ, ਨਹੀਂ ਤਾਂ ਉਹ ਦੇਸ਼ ‘ਚ ਆਪਣੇ ਸਰਚ ਇੰਜਣ ਦੀ ਵਰਤੋਂ ‘ਤੇ ਰੋਕ ਲਗਾ ਸਕਦੇ ਹਨ। ਗੂਗਲ ਮੁਤਾਬਕ ਆਸਟਰੇਲੀਆ ‘ਚ ਨਵੇਂ ਮੀਡੀਆ ਕੋਡ ਤਹਿਤ ਉਸ ਨੂੰ ਆਪਣੀਆਂ ਵੈੱਬਸਾਈਟਾਂ ਅਤੇ ਕਹਾਣੀਆਂ ਨਾਲ ਲਿੰਕ ਦਿਖਾਉਣ ਲਈ ਲਗਾਤਾਰ ਮਜਬੂਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸੰਸਦ ‘ਚ ਗੂਗਲ ਦੀ ਤਲਖ਼ੀ ਵਿਰੁੱਧ ਤਿੱਖਾ ਰੋਸ ਜਤਾਇਆ ਹੈ ਅਤੇ ਕਿਹਾ ਹੈ ਕਿ ਡਿਜੀਟਲ ਮੀਡੀਆ ਲਈ ਨਵਾਂ ਕੋਡ ਸਥਾਪਤ ਕਰਨ ਵਾਲਾ ਇਹ ਕਾਨੂੰਨ ਇਸ ਸਮੇਂ ਸੰਸਦੀ ਜਾਂਚ ਕਮੇਟੀ ਵੱਲੋਂ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਆਸਟਰੇਲੀਆ ਧਮਕੀਆਂ ਦਾ ਜਵਾਬ ਨਹੀਂ ਦਿੰਦਾ ਹੈ। ਸੈਨੇਟਰ ਐਂਡਰਿਊ ਬ੍ਰੈਗ ਨੇ ਗੂਗਲ ‘ਤੇ ਬਲੈਕਮੇਲ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ। ਗੌਰਤਲਬ ਹੈ ਕਿ ਇਹ ਟਿੱਪਣੀਆਂ ਉਦੋਂ ਆਈਆਂ ਹਨ ਜਦੋਂ ਗੂਗਲ ਨੇ ਇੱਕ ਸੰਸਦੀ ਜਾਂਚ ਦੌਰਾਨ ਜ਼ੋਰ ਦੇ ਕੇ ਕਿਹਾ ਸੀ ਕਿ ਜੇ ਫੈਡਰਲ ਸਰਕਾਰ ਆਪਣੇ ਯੋਜਨਾਬੱਧ ਡਿਜੀਟਲ ਮੀਡੀਆ ਕੋਡ ਨੂੰ ਅੱਗੇ ਵਧਾਉਂਦੀ ਹੈ ਤਾਂ ਉਹ ਆਪਣੇ ਸਰਚ ਇੰਜਣ ਨੂੰ ਆਸਟਰੇਲੀਆ ਵਿੱਚ ਉਪਲੱਬਧ ਕਰਵਾਉਣਾ ਬੰਦ ਕਰ ਦੇਵੇਗੀ। ਗੂਗਲ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਮੈਨੇਜਿੰਗ ਡਾਇਰੈਕਟਰ ਮੇਲਾਨੀਆ ਸਿਲਵਾ ਨੇ ਪ੍ਰਸਤਾਵਿਤ ਯੋਜਨਾ ਦੀ ਸੰਸਦੀ ਸੁਣਵਾਈ ਨੂੰ ‘ਗੈਰ ਪ੍ਰਬੰਧਨਯੋਗ’ ਅਤੇ ‘ਵਿੱਤੀ ਜੋਖਮ’ ਬਿਆਨਿਆ ਹੈ।Source link