ਖੇਤੀ ਕਾਨੂੰਨਾਂ ਖ਼ਿਲਾਫ਼ ਬੰਗਾਲ ਅਸੈਂਬਲੀ ’ਚ ਮਤਾ ਪਾਸ


ਕੋਲਕਾਤਾ, 28 ਜਨਵਰੀ

ਪੱਛਮੀ ਬੰਗਾਲ ਅਸੈਂਬਲੀ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਬਾਰੇ ਅੱਜ ਇਕ ਮਤਾ ਪਾਸ ਕਰਕੇ ਇਨ੍ਹਾਂ ਨੂੰ ਫੌਰੀ ਵਾਪਸ ਲੈਣ ਦੀ ਮੰਗ ਕੀਤੀ ਹੈ। ਸੀਪੀਐੱਮ ਤੇ ਕਾਂਗਰਸ ਨੇ ਮਤੇ ਦੀ ਹਮਾਇਤ ਕੀਤੀ ਜਦੋਂਕਿ ਭਾਜਪਾ ਵਿਧਾਇਕ ਮਤੇ ਦਾ ਵਿਰੋਧ ਕਰਦਿਆਂ ‘ਜੈ ਸ੍ਰੀ ਰਾਮ’ ਦੇ ਨਾਅਰੇ ਲਾਉਂਦੇ ਹੋਏ ਸਦਨ ‘ਚੋਂ ਵਾਕਆਊਟ ਕਰ ਗਏ।

ਅਸੈਂਬਲੀ ‘ਚ ਮਤਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਪਾਰਥਾ ਚੈਟਰਜੀ ਨੇ ਰੱਖਿਆ। ਮਤੇ ‘ਤੇ ਚਰਚਾ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨਵੇਂ (ਖੇਤੀ) ਕਾਨੂੰਨਾਂ ਨੂੰ ਵਾਪਸ ਲਏ ਜਾਂ ਫਿਰ ਸੱਤਾ ਤੋਂ ਲਾਂਭੇ ਹੋ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਬ ਪਾਰਟੀ ਮੀਟਿੰਗ ਸੱਦ ਕੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਅਮਲ ‘ਤੇ ਚਰਚਾ ਕਰਨ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਪੁਲੀਸ ਨੇ ਕਿਸਾਨਾਂ ਵੱਲੋਂ ਕੱਢੇ ਟਰੈਕਟਰ ਮਾਰਚ ਵਿੱਚ ਵਿਘਨ ਪਾਉਣ ਦੀ ਕੋੋਸ਼ਿਸ਼ ਕੀਤੀ, ਜਿਸ ਕਰਕੇ ਉਹ ਹਾਲਾਤ ‘ਤੇ ਕਾਬੂ ਪਾਉਣ ਵਿੱਚ ਨਾਕਾਮ ਰਹੇ।

ਉਧਰ ਸੀਪੀਐੱਮ ਤੇ ਕਾਂਗਰਸ ਨੇ ਪੱਛਮੀ ਬੰਗਾਲ ਸਰਕਾਰ ਵੱਲੋਂ ਲਿਆਂਦੇ ਮਤੇ ਦੀ ਹਮਾਇਤ ਕੀਤੀ। ਹਾਲਾਂਕਿ ਦੋਵਾਂ ਪਾਰਟੀਆਂ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਪਿਛਲੇ ਕੁਝ ਸਾਲਾਂ ਵਿੱਚ ਲਿਆਂਦੇ ਮਿਲਦੇ ਜੁਲਦੇ ਕਾਨੂੰਨਾਂ ਨੂੰ ਵੀ ਵਾਪਸ ਲਏ। ਇਸ ਦੌਰਾਨ ਅਸੈਂਬਲੀ ‘ਚ ਮੌਜੂਦ ਭਾਜਪਾ ਵਿਧਾਇਕ ਮਤੇ ਦਾ ਵਿਰੋਧ ਕਰਦਿਆਂ ‘ਜੈ ਸ੍ਰੀ ਰਾਮ’ ਦੇ ਨਾਅਰੇ ਲਾਉਂਦਿਆਂ ਸਦਨ ‘ਚੋਂ ਵਾਕਆਊਟ ਕਰ ਗਏ। ਇਸ ਤੋਂ ਪਹਿਲਾਂ ਸੂਬਾਈ ਅਸੈਂਬਲੀ ‘ਚ ਮਤਾ ਪੇਸ਼ ਕਰਨ ਮੌਕੇ ਭਾਜਪਾ ਆਗੂ ਮਨੋਜ ਟਿੱਗਾ ਦੀ ਅਗਵਾਈ ਵਿੱਚ ਭਾਜਪਾ ਵਿਧਾਇਕਾਂ ਨੇ ਸਦਨ ਦੇ ਐਨ ਵਿਚਾਲੇ ਜਾ ਕੇ ਰੌਲਾ ਰੱਪਾ ਪਾਇਆ। ਭਾਜਪਾ ਵਿਧਾਇਕਾਂ ਨੇ ਦਾਅਵਾ ਕੀਤਾ ਕਿ ਤ੍ਰਿਣਮੂਲ ਕਾਂਗਰਸ ਸਰਕਾਰ ਖੇਤੀ ਕਾਨੂੰਨਾਂ ਖ਼ਿਲਾਫ਼ ‘ਦੁਰਪ੍ਰਚਾਰ’ ਕਰ ਰਹੀ ਹੈ।
-ਪੀਟੀਆਈ

ਭਾਜਪਾ ਸੱਤਾ ‘ਚ ਆਈ ਤਾਂ ਬੰਗਾਲ ‘ਚ ਜ਼ਿੰਦਗੀ ਸੁਧਰੇਗੀ: ਹੇਮਾ ਮਾਲਿਨੀ

ਮੁੰਬਈ: ਉੱਘੀ ਅਦਾਕਾਰ ਤੇ ਮਥੁਰਾ ਤੋਂ ਭਾਜਪਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਦਾ ਮੰਨਣਾ ਹੈ ਕਿ ਪੱਛਮੀ ਬੰਗਾਲ ਦੀਆਂ ਅਗਾਮੀ ਅਸੈਂਬਲੀ ਚੋਣਾਂ ਵਿੱਚ ਜੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਬੰਗਾਲ ਦੇ ਲੋਕਾਂ ਦੀ ਜ਼ਿੰਦਗੀ ਸੁਧਰ ਜਾਵੇਗੀ। ‘ਡਰੀਮ ਗਰਲ’ ਦੇ ਲਕਬ ਨਾਲ ਮਕਬੂਲ ਅਭਿਨੇਤਰੀ ਨੇ ਉਪਰੋਕਤ ਟਿੱਪਣੀਆਂ ਅੱਜ ਇਥੇ ਬੰਗਲਾ ਤੇ ਹਿੰਦੀ ਭਾਸ਼ਾ ਵਿੱਚ ਗਾਏ ਚਾਰ ਗੀਤਾਂ ਦੀ ਐਲਬਮ ਰਿਲੀਜ਼ ਕਰਨ ਮੌਕੇ ਕੀਤੀਆਂ।
-ਆਈਏਐੱਨਐੱਸSource link