ਦਿੱਲੀ ਵਿੱਚ ਇਜ਼ਰਾਇਲੀ ਸਫ਼ਾਰਤਖਾਨੇ ਨੇੜੇ ਧਮਾਕਾ, ਕੋਈ ਜ਼ਖ਼ਮੀ ਨਹੀਂ

ਦਿੱਲੀ ਵਿੱਚ ਇਜ਼ਰਾਇਲੀ ਸਫ਼ਾਰਤਖਾਨੇ ਨੇੜੇ ਧਮਾਕਾ, ਕੋਈ ਜ਼ਖ਼ਮੀ ਨਹੀਂ


ਨਵੀਂ ਦਿੱਲੀ, 29 ਜਨਵਰੀ

ਦਿੱਲੀ ਦੇ ਸਭ ਤੋਂ ਆਲੀਸ਼ਾਨ ਅਤੇ ਅਤਿ ਸੁਰੱਖਿਆ ਵਾਲੇ ਲੂਟੀਅਨਜ਼ ਇਲਾਕੇ ਵਿੱਚ ਇਜ਼ਰਾਇਲੀ ਸਫ਼ਾਰਤਖਾਨੇ ਦੇ ਬਾਹਰ ਧਮਾਕਾ ਹੋਇਆ ਹੈ। ਸ਼ਾਮ ਲਗਪਗ ਪੰਜ ਵਜੇ ਹੋਏ ਇਸ ਧਮਾਕੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਦਿੱਲੀ ਪੁਲੀਸ (ਸਪੈਸ਼ਲ ਸੈੱਲ) ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਧਮਾਕੇ ਨਾਲ ਨੇੜੇ ਖੜ੍ਹੀਆਂ ਤਿੰਨ ਕਾਰਾਂ ਦੇ ਸ਼ੀਸ਼ੇ ਟੁੱਟੇ ਹਨ। ਪੁਲੀਸ ਨੇ ਦੱਸਿਆ ਕਿ ਇਹ ਧਮਾਕਾ ਜਿੰਦਲ ਹਾਊਸ ਨੇੜੇ ਏਪੀਜੇ ਅਬਦੁਲ ਕਲਾਮ ਰੋਡ ਉੱਤੇ ਸ਼ਾਮ ਲਗਪਗ 5:05 ਵਜੇ ਹੋਇਆ। ਸਪੈਸ਼ਲ ਸੈੱਲ ਦੀ ਇੱਕ ਟੀਮ ਘਟਨਾ ਸਥਾਨ ‘ਤੇ ਪੁੱਜ ਗਈ ਹੈ ਅਤੇ ਇਸ ਖੇਤਰ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੰਬ ਨਕਾਰਾ ਕਰਨ ਵਾਲੀ ਟੀਮ ਨੂੰ ਵੀ ਘਟਨਾ ਸਥਾਨ ‘ਤੇ ਭੇਜਿਆ ਗਿਆ ਹੈ। ਵਿਜੈ ਚੌਕ ਇੱਥੋਂ ਚਾਰ ਕਿਲੋਮੀਟਰ ਦੂਰ ਹੈ, ਜਿੱਥੇ ‘ਬੀਟਿੰਗ ਰੀਟ੍ਰੀਟ’ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਵਿੱਚ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰੱਖਿਆ ਸਮੇਤ ਕਈ ਵੀਵੀਆਈਪੀ ਮੌਜੂਦ ਸਨ। ਇੱਥੋਂ ਪ੍ਰਧਾਨ ਮੰਤਰੀ ਦਫ਼ਤਰ ਵੀ ਇੱਕ ਕਿਲੋਮੀਟਰ ਦੀ ਹੀ ਦੂਰੀ ‘ਤੇ ਸਥਿਤ ਹੈ। ਸੂਤਰਾਂ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਵੀ ਘਟਨਾ ਸਥਾਨ ‘ਤੇ ਪੁੱਜ ਰਹੀ ਹੈ।

-ਪੀਟੀਆਈ



Source link