ਪੱਤਰ ਪ੍ਰੇਰਕ
ਭਿੱਖੀਵਿੰਡ, 29 ਜਨਵਰੀ
ਦਿੱਲੀ ਵਿੱਚ ਟਰੈਕਟਰ ਪਰੇਡ ਦੌਰਾਨ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਕਾਰਨ ਜ਼ਖ਼ਮੀ ਹੋਏ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਡਿੱਬੀਪੁਰਾ ਹਵੇਲੀਆਂ ਦੇ ਰਹਿਣ ਵਾਲੇ ਕਿਸਾਨ ਬਚਨ ਸਿੰਘ(65) ਦੀ ਪਿੰਡ ਪਰਤਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ। ਕਿਸਾਨ ਦੇ ਪੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਪੰਦਰਾਂ ਦਿਨ ਪਹਿਲਾਂ ਸਿੰਘੂ ਅੰਦੋਲਨ ‘ਚ ਸ਼ਾਮਲ ਹੋਣ ਗਿਆ ਸੀ। ਇਸੇ ਦੌਰਾਨ 26 ਜਨਵਰੀ ਨੂੰ ਪੁਲੀਸ ਵੱਲੋਂ ਕੀਤੇ ਲਾਠੀਚਾਰਜ ‘ਚ ਉਸ ਦੇ ਗੁੱਝੀਆਂ ਸੱਟਾਂ ਲੱਗੀਆਂ। ਬਚਨ ਸਿੰਘ ਆਪਣੀ ਟਰਾਲੀ ‘ਤੇ ਪਿੰਡ ਵਾਪਸ ਆ ਰਿਹਾ ਸੀ ਕਿ ਮੱਖੂ ਨੇੜੇ ਉਸ ਦੀ ਸਿਹਤ ਵਿਗੜ ਗਈ, ਇਲਾਜ ਲਈ ਰਸਤੇ ‘ਚ ਡਾਕਟਰ ਕੋਲ ਲਿਜਾਣ ‘ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅੱਜ ਪਿੰਡ ਡਿੱਬੀਪੁਰਾ ਹਵੇਲੀਆਂ ‘ਚ ਕਿਸਾਨ ਦਾ ਸਸਕਾਰ ਕਰ ਦਿੱਤਾ ਗਿਆ।