ਰਾਕੇਸ਼ ਟਿਕੈਤ ਸੱਚਾ ਦੇਸ਼ ਭਗਤ: ਦਿਗਵਿਜੈ


ਚੰਡੀਗੜ੍ਹ, 29 ਜਨਵਰੀ

ਹਰਿਆਣਾ ਦੀ ਸੱਤਾ ‘ਚ ਭਾਜਪਾ ਦੀ ਭਾਈਵਾਲ ਜਨਨਾਇਕ ਜਨਤਾ ਪਾਰਟੀ (ਜਜਪਾ) ਦੇ ਆਗੂ ਦਿਗਵਿਜੈ ਸਿੰਘ ਚੌਟਾਲਾ ਨੇ ਅੱਜ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਸੱਚਾ ਦੇਸ਼ ਭਗਤ ਦੱਸਦਿਆਂ ਕਿਹਾ ਕਿ ਉਹ ਹਮੇਸ਼ਾ ਕਿਸਾਨਾਂ ਦੇ ਹਿੱਤ ਦੀ ਗੱਲ ਕਰਦੇ ਹਨ। ਦਿਗਵਿਜੈ ਨੇ ਪੱਤਰਕਾਰਾਂ ਨੂੰ ਦੱਸਿਆ, ‘ਉਹ ਦੇਸ਼ ਮਹਾਨ ਕਿਸਾਨ ਆਗੂ ਮਹੇਂਦਰ ਸਿੰਘ ਟਿਕੈਤ ਦਾ ਪੁੱਤਰ ਹੈ। ਉਸ ਨੂੰ ਦੇਸ਼-ਧਰੋਹੀ ਕਹਿਣਾ ਗਲਤ ਹੈ।’ ਪੁਲੀਸ ਵੱਲੋਂ ਟਿਕੈਤ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ, ‘ਟਿਕੈਤ ਨੇ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦੀ ਗੱਲ ਕੀਤੀ ਹੈ। ਜੇਕਰ ਸਰਕਾਰ ਨੇ ਕੋਈ ਕਾਰਵਾਈ ਕਰਨੀ ਹੈ ਤਾਂ ਗੁਰਨਾਮ ਸਿੰਘ ਚੜੂਨੀ ਜਿਹੇ ਲੋਕਾਂ ਨੂੰ ਫੜਨਾ ਚਾਹੀਦਾ ਹੈ ਜਿਸ ਨੇ ਲੋਕਾਂ ਨੂੰ ਭੜਕਾਇਆ। ਰਾਕੇਸ਼ ਟਿਕੈਤ ਤੇ ਕਿਸਾਨ ਸੱਚੇ ਦੇਸ਼ ਭਗਤ ਹਨ।’ ਇਸੇ ਦੌਰਾਨ ਆਈਐੱਨਐੱਲਡੀ ਦੇ ਸੀਨੀਅਰ ਆਗੂ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਉਹ ਟਿਕੈਤ ਤੇ ਹੋਰ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਭਲਕੇ ਗਾਜ਼ੀਪੁਰ ਧਰਨੇ ‘ਚ ਜਾਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਵੱਧ ਤੋਂ ਵੱਧ ਕਿਸਾਨਾਂ ਨੂੰ ਗਾਜ਼ੀਪੁਰ ਧਰਨੇ ‘ਚ ਸ਼ਾਮਲ ਹੋਣਾ ਚਾਹੀਦਾ ਹੈ। -ਪੀਟੀਆਈSource link