ਵਿਵਾਦਤ ਫ਼ੈਸਲੇ ਸੁਣਾਉਣ ਵਾਲੀ ਜੱਜ ਦੀ ਸਥਾਈ ਨਿਯੁਕਤੀ ਟਲੀ


ਨਵੀਂ ਦਿੱਲੀ, 30 ਜਨਵਰੀ

ਸਮਝਿਆ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਬੰਬਈ ਹਾਈ ਕੋਰਟ ਦੀ ਵਧੀਕ ਜੱਜ ਜਸਟਿਸ ਪੀ.ਵੀ. ਗਨੇੜੀਵਾਲਾ ਦੀ ਸਥਾਈ ਜੱਜ ਵਜੋਂ ਨਿਯੁਕਤੀ ਦੇ ਪ੍ਰਸਤਾਵ ਦੀ ਮਨਜ਼ੂਰੀ ਵਾਪਸ ਲੈ ਲਈ ਹੈ।

ਜਸਟਿਸ ਗਨੇੜੀਵਾਲਾ ਵੱਲੋਂ ਜਿਨਸੀ ਹਮਲੇ ਸਬੰਧੀ ਮਾਮਲਿਆਂ ਵਿੱਚ ਦੋ ਵਿਵਾਦਤ ਫ਼ੈਸਲੇ ਸੁਣਾਏ ਜਾਣ ਤੋਂ ਬਾਅਦ ਕੌਲਿਜੀਅਮ ਨੇ ਇਹ ਫ਼ੈਸਲਾ ਲਿਆ ਹੈ। ਸੂਤਰਾਂ ਅਨੁਸਾਰ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਰੱਖਿਆ (ਪੋਕਸੋ) ਐਕਟ ਅਧੀਨ ਜਿਨਸੀ ਹਮਲੇ ਸਬੰਧੀ ਜੱਜ ਵੱਲੋਂ ਕੀਤੀ ਗਈ ਵਿਆਖਿਆ ‘ਤੇ ਹੋਈ ਆਲੋਚਨਾ ਤੋਂ ਬਾਅਦ ਕੌਲਿਜੀਅਮ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਜਸਟਿਸ ਪੁਸ਼ਪਾ ਗਨੇੜੀਵਾਲਾ ਨੇ ਹਾਲ ਹੀ ਵਿੱਚ ਇਕ 12 ਸਾਲਾਂ ਦੀ ਲੜਕੀ ‘ਤੇ ਜਿਨਸੀ ਹਮਲਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਵਿਅਕਤੀ ਨੂੰ ਇਹ ਕਹਿ ਕੇ ਬਰੀ ਕਰ ਦਿੱਤਾ ਸੀ ਕਿ ਜਦੋਂ ਤੱਕ ਚਮੜੀ ਨਾਲ ਚਮੜੀ ਦਾ ਸੰਪਰਕ ਨਹੀਂ ਹੁੰਦਾ ਉਦੋਂ ਤੱਕ ਇਸ ਨੂੰ ਜਿਨਸੀ ਸ਼ੋਸ਼ਣ ਜਾਂ ਜਿਨਸੀ ਹਮਲਾ ਨਹੀਂ ਕਿਹਾ ਜਾ ਸਕਦਾ। ਇਸ ਤੋਂ ਕੁਝ ਦਿਨ ਪਹਿਲਾਂ ਇਸੇ ਜੱਜ ਨੇ ਫ਼ੈਸਲਾ ਸੁਣਾਇਆ ਸੀ ਕਿ ਇਕ ਪੰਜ ਸਾਲਾ ਬੱਚੀ ਦਾ ਹੱਥ ਫੜਨਾ ਜਾਂ ਉਸ ਦੀ ਪੈਂਟ ਦੀ ਜ਼ਿਪ ਖੋਲ੍ਹਣਾ ਪੋਕਸੋ ਐਕਟ ਅਧੀਨ ‘ਜਿਨਸੀ ਹਮਲਾ’ ਨਹੀਂ ਕਿਹਾ ਜਾ ਸਕਦਾ। ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਇਸ ਫ਼ੈਸਲੇ ਸਬੰਧੀ ਕਿਹਾ ਸੀ ਕਿ ਇਸ ਹੁਕਮ ਨਾਲ ਇਕ ਖ਼ਤਰਨਾਕ ਪਿਰਤ ਪੈ ਜਾਵੇਗੀ। ਉਪਰੰਤ 27 ਜਨਵਰੀ ਨੂੰ ਸੁਪਰੀਮ ਕੋਰਟ ਨੇ ਮੁਲਜ਼ਮ ਨੂੰ ਬਰੀ ਕਰਨ ਸਬੰਧੀ ਬੰਬਈ ਹਾਈ ਕੋਰਟ ਦੇ ਹੁਕਮਾਂ ‘ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਪਹਿਲਾਂ ਕੌਲਿਜੀਅਮ ਨੇ ਜਸਟਿਸ ਗਨੇੜੀਵਾਲਾ ਦੀ ਸਥਾਈ ਜੱਜ ਵਜੋਂ ਨਿਯੁਕਤੀ ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਸੀ। -ਪੀਟੀਆਈ



Source link