ਕੇਂਦਰੀ ਬਜਟ: ਸਿਹਤ ਸੇਵਾਵਾਂ ’ਤੇ ਖ਼ਰਚ ਵਧਾਇਆ, ਨਵਾਂ ਖੇਤੀ ਸੈੱਸ ਲਾਇਆ


ਨਵੀਂ ਦਿੱਲੀ, 1 ਫਰਵਰੀ

ਕੇਂਦਰ ਸਰਕਾਰ ਨੇ ਕਰੋਨਾ ਮਹਾਮਾਰੀ ਤੋਂ ਵੱਡਾ ਸਬਕ ਲੈਂਦਿਆਂ ਐਤਕੀਂ ਵਿੱਤੀ ਸਾਲ 2021-22 ਦੇ ਬਜਟ ਵਿੱਚ ਸਿਹਤ ਖੇਤਰ ਲਈ ਸਭ ਤੋਂ ਵੱਧ 2,23,846 ਕਰੋੜ ਰੁਪਏ ਦੀ ਰਕਮ ਰਾਖਵੀਂ ਰੱਖੀ ਹੈ, ਜੋ ਮੌਜੂਦਾ ਵਿੱਤੀ ਸਾਲ ਵਿੱਚ ਰੱਖੀ ਰਾਸ਼ੀ ਦੇ ਮੁਕਾਬਲੇ 137 ਫ਼ੀਸਦ ਵੱਧ ਹੈ। ਕੋਵਿਡ-19 ਵੈਕਸੀਨ ਲਈ 35000 ਕਰੋੜ ਰੁਪਏ ਰੱਖੇ ਗਏ ਹਨ। ਆਪਣਾ ਪਲੇਠਾ ਡਿਜੀਟਲ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕੁੱਝ ਦਰਾਮਦ ਉਤਪਾਦਾਂ ‘ਤੇ ਨਵਾਂ ਖੇਤੀ ਸੈੱਸ ਲਾਇਆ ਗਿਆ ਹੈ ਅਤੇ ਅਰਥਵਿਵਸਥਾ ਨੂੰ ਸੰਕਟ ‘ਚੋਂ ਕੱਢਣ ਦੇ ਮੰਤਵ ਨਾਲ ਕਪਾਹ ਤੋਂ ਲੈ ਕੇ ਇਲੈਕਟ੍ਰਾਨਿਕਸ ਵਸਤਾਂ ‘ਤੇ ਕਸਟਮ ਡਿਊਟੀ ਵਧਾਈ ਗਈ ਹੈ।

ਇਹ ਬਜਟ ਪਹਿਲੀ ਅਪਰੈਲ ਤੋਂ ਲਾਗੂ ਹੋਵੇਗਾ। ਇਸ ਬਜਟ ਵਿੱਚ ਸਾਲਾਨਾ 2.5 ਲੱਖ ਤੋਂ ਵੱਧ ਪੀਐੱਫ ਰਕਮ ‘ਤੇ ਵਿਆਜ ਦੇਣਾ ਹੋਵੇਗਾ।

ਕਿਸਾਨਾਂ ਦੀ ਭਲਾਈ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿੱਤ ਮੰਤਰੀ ਸੀਤਾਰਾਮਨ ਨੇ ਕਿਸਾਨੀ ਕਰਜ਼ਿਆਂ ਦੀ ਵੰਡ ਦੇ ਟੀਚੇ ਵਿੱਚ 10 ਫੀਸਦ ਇਜ਼ਾਫ਼ੇ ਦੀ ਤਜਵੀਜ਼ ਰੱਖੀ ਹੈ। ਬਜਟ ਵਿੱਚ ਇਸ ਕੰਮ ਲਈ 16.5 ਲੱਖ ਕਰੋੜ ਰੁਪਏ ਰੱਖੇ ਗਏ ਹਨ। ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਨੇ ਬਜਟ ਵਿੱਚ ਐਗਰੀ-ਇਨਫਰਾ(ਖੇਤੀ-ਬੁਨਿਆਦੀ ਢਾਂਚਾ) ਤੇ ਡਿਵੈਲਪਮੈਂਟ ਸੈੱਸ ਦੀ ਵੀ ਵਿਵਸਥਾ ਕੀਤੀ ਹੈ। ਇਹ ਸੈੱਸ ਸ਼ਰਾਬ ਅਤੇ ਤੇਲ ਕੀਮਤਾਂ ‘ਤੇ ਲੱਗੇਗਾ। ਆਪਣਾ ਪਲੇਠਾ ਡਿਜੀਟਲ ਬਜਟ ਪੇਸ਼ ਕਰਦਿਆਂ ਸੀਤਾਰਾਮਨ ਨੇ ਕਿਹਾ ਕਿ ਨਵੇਂ ਸੈੱਸ ਤੋਂ ਇਲਾਵਾ ਖੇਤੀ ਬੁਨਿਆਦੀ ਢਾਂਚਾ ਫੰਡ ਏਪੀਐੱਮਸੀ’ਜ਼ ਨੂੰ ਵੀ ਉਪਲਬਧ ਕਰਵਾਏ ਜਾਣਗੇ। ਰੱਖਿਆ ਬਜਟ ਤਹਿਤ ਕੁੱਲ 4.78 ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਜੇਕਰ ਸੁਰੱਖਿਆ ਮੁਲਾਜ਼ਮਾਂ ਦੀਆਂ ਪੈਨਸ਼ਨਾਂ ‘ਤੇ ਆਉਣ ਵਾਲੇ ਖ਼ਰਚ ਨੂੰ ਕੱਢ ਦਿੱਤਾ ਜਾਵੇ ਤਾਂ ਇਹ 3.62 ਲੱਖ ਕਰੋੜ ਰੁਪਏ ਦੇ ਲਗਪਗ ਬਣਦਾ ਹੈ। ਮੌਜੂਦਾ ਵਿੱਤੀ ਸਾਲ ਵਿੱਚ ਰੱਖਿਆ ਬਜਟ ਤਹਿਤ 1.13 ਲੱਖ ਕਰੋੜ ਰੁਪਏ ਰੱਖੇ ਗਏ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਨੇ ਇਸ ਬਜਟ ਨੂੰ ਵਿਕਾਸਮੁਖੀ ਕਰਾਰ ਦਿੱਤਾ ਹੈ, ਜਦੋਂਕਿ ਵਿਰੋਧੀ ਧਿਰਾਂ ਨੇ ਇਸ ਨੂੰ ਨਿਰਾਸ਼ਜਨਕ ਦੱਸਿਆ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਆਮ ਲੋਕਾਂ ਦੇ ਹੱਥ ਵਿੱਚ ਪੈਸਾ ਦੇਣ ਦੀ ਬਜਾਏ ਨਰਿੰਦਰ ਮੋਦੀ ਸਰਕਾਰ ਦੀ ਯੋਜਨਾ ਭਾਰਤ ਦੇ ਅਸਾਸੇ ਆਪਣੇ ਚਹੇਤੇ ਪੂੰਜੀਪਤੀਆਂ ਨੂੰ ਵੇਚਣ ਦੀ ਹੈ। ਕੇਂਦਰੀ ਬਜਟ ‘ਤੇ ਵਰ੍ਹਦਿਆਂ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਇਹ 100 ਫ਼ੀਸਦ ਦਿਸ਼ਾਹੀਣ ਬਜਟ ਹੈ ਅਤੇ ਇਸ ਜਾਅਲੀ ਬਜਟ ਦਾ ਮਕਸਦ ‘ਭਾਰਤ ਵੇਚਣਾ’ ਹੈ। ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਦੋਸ਼ ਲਾਇਆ ਕਿ ਸੀਤਾਰਮਨ ਦੇਸ਼ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ ਅਤੇ ਇਸ ਤੋਂ ਪਹਿਲਾਂ ਕਦੇ ਵੀ ਬਜਟ ਤੋਂ ਏਨੀ ਨਿਰਾਸ਼ਾ ਨਹੀਂ ਹੋਈ। -ਪੀਟੀਆਈSource link