ਠੰਢ ਨੇ ਸ੍ਰੀਨਗਰ ਵਿੱਚ 30 ਸਾਲਾਂ ਦਾ ਰਿਕਾਰਡ ਤੋੜਿਆ


ਚੰਡੀਗੜ੍ਹ/ਸ੍ਰੀਨਗਰ, 31 ਜਨਵਰੀ

ਪੰਜਾਬ ਅਤੇ ਹਰਿਆਣਾ ਵਿੱਚ ਲੋਕਾਂ ਨੂੰ ਅੱਜ ਵੀ ਠੰਢ ਤੋਂ ਰਾਹਤ ਨਹੀਂ ਮਿਲੀ। ਬਠਿੰਡਾ, ਹਲਵਾਰਾ ਅਤੇ ਸਿਰਸਾ ਵਿੱਚ ਤਾਪਮਾਨ ਸਿਫ਼ਰ ਦੇ ਨੇੜੇ-ਤੇੜੇ ਰਿਹਾ।

ਕਸ਼ਮੀਰ ਵਿੱਚ ਸਭ ਤੋਂ ਵੱਧ ਠੰਢ ਦੀ 40 ਦਿਨ ਦੀ ਮਿਆਦ ‘ਚਿੱਲੇ ਕਲਾਂ’ ਅੱਜ ਖ਼ਤਮ ਹੋ ਗਈ। ਸ੍ਰੀਨਗਰ ਵਿੱਚ ਹੇਠਲੇ ਤਾਪਮਾਨ ਨੇ ਪਿਛਲੇ 30 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿੱਚ ਸ਼ਨਿੱਚਰਵਾਰ ਰਾਤ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ 8.8 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਇਹ 1991 ਮਗਰੋਂ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਹੈ।

ਪੰਜਾਬ ਦੇ ਬਠਿੰਡਾ ਤੇ ਹਲਵਾਰਾ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 0.6 ਅਤੇ 0.7 ਡਿਗਰੀ, ਜਦੋਂਕਿ ਹਰਿਆਣਾ ਦੇ ਸਿਰਸਾ ਵਿੱਚ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਆਦਮਪੁਰ, ਫਰੀਦਕੋਟ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਪਠਾਨਕੋਟ ਵਿੱਚ ਤਾਪਮਾਨ 1.3, 2.9, 3.2, 3.5, 4.5 ਅਤੇ 4.6 ਡਿਗਰੀ ਸੈਲਸੀਅਸ ਰਿਹਾ।

ਵਾਦੀ ਵਿੱਚ ਤੇਜ਼ ਠੰਢ ਕਾਰਨ ਪਾਣੀ ਦੇ ਸੋਮੇ ਅਤੇ ਪਾਈਪਲਾਈਨਾਂ ਵਿੱਚ ਵੀ ਪਾਣੀ ਜੰਮ ਗਿਆ ਹੈ। ਕਸ਼ਮੀਰ ਦੇ ਲੋਕਾਂ ਨੂੰ ਹਾਲੇ ਠੰਢ ਤੋਂ ਰਾਹਤ ਨਹੀਂ ਮਿਲੀ ਹੈ ਅਤੇ ਅਗਲੇ ਕੁਝ ਦਿਨਾਂ ਤੱਕ ਤਾਪਮਾਨ ਸਿਫ਼ਰ ਤੋਂ ਹੇਠਾਂ ਹੀ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। -ਪੀਟੀਆਈSource link