ਕਿਸਾਨ ਆਸੂ ਸਿੰਘ ਨੂੰ ਇਨਕਲਾਬੀ ਨਾਅਰਿਆਂ ਨਾਲ ਅੰਤਿਮ ਵਿਦਾਇਗੀ


ਜਸਵੰਤ ਸਿੰਘ ਗਰੇਵਾਲ

ਚੀਮਾ ਮੰਡੀ, 1 ਫਰਵਰੀ

ਟਿਕਰੀ ਅੰਦੋਲਨ ਦੌਰਾਨ ਸ਼ਹੀਦ ਹੋਏ ਪਿੰਡ ਬੀਰ ਕਲਾਂ ਦੇ ਨੌਜਵਾਨ ਕਿਸਾਨ ਆਸੂ ਸਿੰਘ(32) ਉਰਫ਼ ਹਰਫੂਲ ਸਿੰਘ ਦਾ ਅੱਜ ਇਨਕਲਾਬੀ ਨਾਅਰਿਆਂ ਦੀ ਗੂੰਜ ਵਿੱਚ ਪਿੰਡ ਬੀਰ ਕਲਾਂ ਵਿੱਚ ਸਸਕਾਰ ਕਰ ਦਿੱਤਾ ਗਿਆ।

ਕਿਸਾਨ ਦੀ ਦੇਹ ਨੂੰ ਮੋਟਰਸਾਈਕਲਾਂ ਦੇ ਕਾਫ਼ਲੇ ਨਾਲ ਪਿੰਡ ਬੀਰ ਕਲਾਂ ਲਿਆਂਦਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਗੁਰਭਗਤ ਸਿੰਘ ਸ਼ਾਹਪੁਰ, ਰਾਮਸ਼ਰਨ ਸਿੰਘ ਉਗਰਾਹਾਂ, ਮਹਿੰਦਰ ਸਿੰਘ ਨਮੋਲ ਤੇ ਹਰਭਗਵਾਨ ਸਿੰਘ ਵੱਲੋਂ ਜਥੇਬੰਦੀ ਦੀਆਂ ਰਸਮਾਂ ਅਨੁਸਾਰ ਦੇਹ ‘ਤੇ ਕਿਸਾਨ ਜਥੇਬੰਦੀ ਦਾ ਝੰਡਾ ਪਾ ਕੇ ਕਿਸਾਨੀ ਰਸਮਾਂ ਅਦਾ ਕੀਤੀਆਂ। ਚਿਖਾ ਨੂੰ ਅਗਨੀ ਉਸ ਦੀ ਪੰਜ ਸਾਲਾ ਬੱਚੀ ਨੇ ਦਿਖਾਈ।

ਕਿਸਾਨ ਆਸੂ ਸਿੰਘ ਦੀ ਟਿਕਰੀ ਹੱਦ ‘ਤੇ ਧਰਨੇ ਦੌਰਾਨ ਬੀਤੀ ਰਾਤ ਮੌਤ ਹੋ ਗਈ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਦੱਸਿਆ ਕਿ ਆਸੂ ਸਿੰਘ ਟਿਕਰੀ ਹੱਦ ‘ਤੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਗਿਆ ਸੀ, ਬੀਤੀ ਰਾਤ ਉਹ ਉੱਥੇ ਸੁੱਤਾ ਸੀ ਤੇ ਅੱਜ ਸਵੇਰੇ ਮ੍ਰਿਤਕ ਪਾਇਆ ਗਿਆ। ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਦੱਸੀ ਜਾ ਰਹੀ ਹੈ। ਆਸੂ ਸਿੰਘ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਟਿਕਰੀ ਹੱਦ ‘ਤੇ ਲੰਗਰ ਦੀ ਸੇਵਾ ਕਰਦਾ ਸੀ। ਉਸ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਉਹ ਆਪਣੀਆਂ ਦੋ ਬਿਰਧ ਦਾਦੀਆਂ ਦਾ ਇਕਲੌਤਾ ਸਹਾਰਾ ਸੀ। ਆਸੂ ਸਿੰਘ ਦਾ ਪੰਜ ਸਾਲ ਪਹਿਲਾਂ ਤਲਾਕ ਹੋ ਚੁੱਕਿਆ ਸੀ।

ਮੰਗਾਂ ਮੰਨਣ ਮਗਰੋਂ ਕਿਸਾਨ ਰੇਸ਼ਮ ਸਿੰਘ ਦਾ ਸਸਕਾਰ

ਸ਼ੇਰਪੁਰ (ਬੀਰਬਲ ਰਿਸ਼ੀ): ਕਿਸਾਨ ਰੇਸ਼ਮ ਸਿੰਘ ਦਾ ਅੱਜ ਤੀਜੇ ਦਿਨ ਐੱਸਡੀਐੱਮ ਲਤੀਫ਼ ਅਹਿਮਦ ਦੇ ਆਰਥਿਕ ਸਹਾਇਤਾ ਸਬੰਧੀ ਭਰੋਸੇ ਮਗਰੋਂ ਪਿੰਡ ਦੇ ਸਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਅੱਜ ਕਿਸਾਨ ਜਥੇਬੰਦੀ ਨੇ ਸ਼ੇਰਪੁਰ ਦੇ ਕਾਤਰੋਂ ਚੌਕ ‘ਚ ਮਰਹੂਮ ਕਿਸਾਨ ਦੀ ਲਾਸ਼ ਰੱਖ ਕੇ ਧਰਨੇ ਦਾ ਐਲਾਨ ਕੀਤਾ ਸੀ, ਜਿਸ ਤੋਂ ਪਹਿਲਾਂ ਸਵੇਰ ਸਮੇਂ ਬੀਕੇਯੂ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਕਾਲਾਬੂਲਾ ਦੀ ਅਗਵਾਈ ਹੇਠ ਕਿਸਾਨ ਵਫ਼ਦ ਨੇ ਐੱਸਡੀਐੱਮ ਧੂਰੀ ਲਤੀਫ਼ ਅਹਿਮਦ ਨਾਲ ਮੁਲਾਕਾਤ ਕੀਤੀ। ਐੱਸਡੀਐੱਮ ਨੇ ਸਰਕਾਰੀ ਹਦਾਇਤਾਂ ‘ਤੇ ਪੰਜ ਲੱਖ ਦੀ ਆਰਥਿਕ ਸਹਾਇਤਾ ਜਲਦੀ ਦੇਣ ਦੇ ਭਰੋਸਾ ਦਿੱਤਾ, ਜਿਸ ਮਗਰੋਂ ਅੱਜ ਬਾਅਦ ਦੁਪਹਿਰ ਰੇਸ਼ਮ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ। ਅਕਾਲੀ ਦਲ ਦੇ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੀੜਤ ਪਰਿਵਾਰ ਨੂੰ ਇਕ ਲੱਖ ਦੀ ਮਦਦ ਦੇਣ ਦਾ ਭਰੋਸਾ ਦਿੱਤਾ।Source link