ਫ਼ਿਲਮੀ ਕਲਾਕਾਰ ਡਾ. ਦਰਸ਼ਨ ਬੜੀ ਦਾ ਦੇਹਾਂਤ


ਬੀਰਬਲ ਰਿਸ਼ੀ

ਸ਼ੇਰਪੁਰ, 6 ਫਰਵਰੀ

ਸ਼ੇਰਪੁਰ ਨੇੜਲੇ ਪਿੰਡ ਬੜੀ ਨਾਲ ਸਬੰਧਤ ਫ਼ਿਲਮੀ ਕਲਾਕਾਰ ਡਾ. ਦਰਸ਼ਨ ਬੜੀ (68) ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦਾ ਪਿੰਡ ਬੜੀ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਪੀਏਯੂ ਲੁਧਿਆਣਾ ਤੋਂ ਵੱਡੀ ਗਿਣਤੀ ਅਮਲਾ, ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੋਂ ਉਨ੍ਹਾਂ ਦੇ ਕਰੀਬੀ ਪੰਜਾਬੀ ਅਦਾਕਾਰ ਸਰਦਾਰ ਸੋਹੀ ਪੁੱਜੇ ਹੋਏ ਸਨ।

ਉਨ੍ਹਾਂ ਦੇ ਚਚੇਰੇ ਭਰਾ ਬਿੱਕਰ ਸਿੰਘ ਨੇ ਦੱਸਿਆ ਕਿ ਦਰਸ਼ਨ ਬੜੀ ਗਾਜ਼ੀਪੁਰ ਬਾਰਡਰ ‘ਤੇ ਕਿਸਾਨੀ ਸੰਘਰਸ਼ ‘ਚ ਹਾਜ਼ਰੀ ਲਗਵਾਉਣ ਮਗਰੋਂ ਕੁੱਝ ਦਿਨ ਪਿੰਡ ਰਹੇ ਅਤੇ ਫਿਰ ਲੁਧਿਆਣਾ ਚਲੇ ਗਏ। ਹਾਲ ਹੀ ਦੌਰਾਨ ਬਿਮਾਰ ਹੋਣ ਮਗਰੋਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਅੱਜ ਸਵੇਰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਮਰਹੂਮ ਬੜੀ ਦੇ ਨਜ਼ਦੀਕੀ ਸਾਥੀ ਡਾ. ਕਮਲਜੀਤ ਸਿੰਘ ਟਿੱਬਾ ਨੇ ਦੱਸਿਆ ਕਿ ਉਨ੍ਹਾਂ ਦੇਸ਼ ਭਰ ਖੇਡੇ ਨਾਟਕ ‘ਹਿੰਦ ਦੀ ਚਾਦਰ’ ਵਿੱਚ ਭੂਮਿਕਾ ਨਿਭਾਈ ਸੀ ਅਤੇ ਉਪਰੋਥਲੀ ਕਈ ਨਾਟਕਾਂ ‘ਚ ਆਪਣੀ ਕਲਾ ਦਾ ਲੋਹਾ ਮਨਵਾਇਆ। ਡਾ. ਬੜੀ ਨੇ ਕਈ ਫ਼ਿਲਮਾਂ ਵਿੱਚ ਅਦਾਕਾਰ ਰਾਜ ਬੱਬਰ, ਗੁਰਦਾਸ ਮਾਨ, ਨਿਰਮਲ ਰਿਸ਼ੀ, ਗਿਰਜ਼ਾ ਸ਼ੰਕਰ, ਸਰਦਾਰ ਸੋਹੀ ਸਮੇਤ ਕਈ ਨਾਮੀ ਕਲਾਕਾਰਾਂ ਨਾਲ ਕੰਮ ਕੀਤਾ। ਉਨ੍ਹਾਂ ਫ਼ਿਲਮ ‘ਮੇਲਾ’, ‘ਕਹਿਰ’, ‘ਕਬੱਡੀ’ ਸਮੇਤ ਕਈ ਫ਼ਿਲਮਾਂ ਵਿੱਚ ਅਹਿਮ ਰੋਲ ਨਿਭਾ ਕੇ ਆਪਣੀ ਅਮਿੱਟ ਛਾਪ ਛੱਡੀ।Source link