ਪੰਜਾਬ ’ਚ 400 ਤੋਂ ਵੱਧ ਥਾਵਾਂ ’ਤੇ ਆਵਾਜਾਈ ਰੋਕੀ


ਚੰਡੀਗੜ੍ਹ (ਦਵਿੰਦਰ ਪਾਲ): ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨ ਰੱਦ ਕਰਾਉਣ ਲਈ ਅੱਜ ਕੀਤੇ ਗੲੇ ਚੱਕਾ ਜਾਮ ਨੂੰ ਪੰਜਾਬ ਵਿੱਚ ਜ਼ਬਰਦਸਤ ਹੁੰਗਾਰਾ ਮਿਲਿਆ। ਸੂਬੇ ਦੀਆਂ ਸਮੁੱਚੀਆਂ ਸੜਕਾਂ ‘ਤੇ ਦੁਪਹਿਰ 12 ਤੋਂ 3 ਵਜੇ ਤੱਕ ਲੋਕ ਜੁੜੇ ਰਹੇ। ਸ਼ਹਿਰਾਂ ਅੰਦਰ ਵੀ ਹਰ ਵਰਗ ਦੇ ਲੋਕਾਂ ਨੇ ਕਿਸਾਨਾਂ ਦੀ ਹਮਾਇਤ ‘ਚ ਇਕੱਠ ਕਰਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਜਥੇਬੰਦੀਆਂ ਵੱਲੋਂ ਪੰਜਾਬ ਭਰ ‘ਚ 400 ਦੇ ਕਰੀਬ ਥਾਵਾਂ ‘ਤੇ ਕੌਮੀ ਮਾਰਗਾਂ, ਰਾਜਮਾਰਗਾਂ ਅਤੇ ਜ਼ਿਲ੍ਹਾ ਪੱਧਰ ਦੀਆਂ ਸੜਕਾਂ ‘ਤੇ ਆਵਾਜਾਈ ਠੱਪ ਕੀਤੀ ਗਈ। ਰੋਸ ਪ੍ਰਦਰਸ਼ਨਾਂ ਵਿੱਚ ਟਰਾਂਸਪੋਰਟਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਸਾਹਿਤਕਾਰਾਂ, ਰੰਗਕਰਮੀਆਂ ਅਤੇ ਵਪਾਰੀਆਂ ਨੇ ਸਹਿਯੋਗ ਕਰਦਿਆਂ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ। ਐਂਬੂਲੈਂਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਧਰਨਾਕਾਰੀਆਂ ਵੱਲੋਂ ਲਾਂਘਾ ਦਿੱਤਾ ਗਿਆ। ਸੜਕਾਂ ‘ਤੇ ਜਾਮ ‘ਚ ਫਸੇ ਯਾਤਰੀਆਂ ਅਤੇ ਡਰਾਈਵਰਾਂ ਲਈ ਕਿਸਾਨਾਂ ਵੱਲੋਂ ਜ਼ਿਆਦਾਤਰ ਥਾਵਾਂ ‘ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਧਰਨਾ-ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਚੱਕਾ ਜਾਮ ਨੂੰ ਦੇਸ਼ ਦੇ ਹਰ ਵਰਗ ਵੱਲੋਂ ਦਿੱਤੇ ਗਏ ਭਰਵੇਂ ਹੁੰਗਾਰੇ ਤੋਂ ਮੋਦੀ ਸਰਕਾਰ ਨੂੰ ਚਾਨਣਾ ਹੋ ਜਾਣਾ ਚਾਹੀਦਾ ਹੈ ਕਿ ਲੋਕ ਸਰਕਾਰ ਦਾ ਘੁਮੰਡ ਤੋੜਨ ਲਈ ਇਕਜੁੱਟ ਹੋ ਚੁੱਕੇ ਹਨ। ਇਸ ਲਈ ਖੇਤੀ ਕਾਨੂੰਨ ਵਾਪਸ ਲੈਣ ‘ਚ ਹੀ ਸਰਕਾਰ ਦੀ ਭਲਾਈ ਹੈ। ਕਿਸਾਨ ਘੋਲ ‘ਚ ਲਗਾਤਾਰ ਆ ਰਹੀ ਪੰਜਾਬ ਦੀ ਵਸਨੀਕ ਦਿੱਲੀ ਦੀ ਮਜ਼ਦੂਰ ਆਗੂ ਨੌਦੀਪ ਗੰਧੜ ਉੱਤੇ ਧਾਰਾ 307 ਵਰਗਾ ਸੰਗੀਨ ਕੇਸ ਮੜ੍ਹ ਕੇ ਥਾਣੇ ਅੰਦਰ ਬੇਤਹਾਸ਼ਾ ਤਸ਼ੱਦਦ ਕਰਨ ਮਗਰੋਂ ਜੇਲ੍ਹ ਵਿੱਚ ਡੱਕਣ ਦੀ ਸਖ਼ਤ ਨਿਖੇਧੀ ਕਰਦਿਆਂ ਉਸ ਨੂੰ ਵੀ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰੀ ਸਾਜ਼ਿਸ਼ ਨੂੰ ਚਕਨਾਚੂਰ ਕਰਨ ਲਈ ਖਾਲਿਸਤਾਨੀ ਜਾਂ ਹੋਰ ਫਿਰਕਾਪ੍ਰਸਤ ਤੱਤਾਂ ਨਾਲੋਂ ਵੀ ਮੁਕੰਮਲ ਨਿਖੇੜਾ ਕੀਤਾ ਜਾਣਾ ਚਾਹੀਦਾ ਹੈ। ਸੰਬੋਧਨ ਕਰਨ ਵਾਲਿਆਂ ‘ਚ ਮੁੱਖ ਬੁਲਾਰਿਆਂ ਵਿੱਚ ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਸੁਖਜੀਤ ਸਿੰਘ ਕੋਠਾਗੁਰੂ, ਰਾਮ ਸਿੰਘ ਭੈਣੀਬਾਘਾ, ਜਗਤਾਰ ਸਿੰਘ ਕਾਲਾਝਾੜ, ਸੁਨੀਲ ਕੁਮਾਰ ਭੋਡੀਪੁਰਾ, ਹਰਜਿੰਦਰ ਸਿੰਘ ਬੱਗੀ, ਗੁਰਮੀਤ ਸਿੰਘ ਕਿਸ਼ਨਪੁਰਾ, ਜਸਪਾਲ ਸਿੰਘ ਨੰਗਲ, ਬਲਵੰਤ ਸਿੰਘ ਘੁਡਾਣੀ, ਕੁਲਦੀਪ ਸਿੰਘ ਮੱਤੇਨੰਗਲ, ਜਸਵੀਰ ਸਿੰਘ ਗੰਡੀਵਿੰਡ, ਮੋਹਨ ਸਿੰਘ ਨਕੋਦਰ, ਲਖਵਿੰਦਰ ਸਿੰਘ ਮੰਜਿਆਂਵਾਲੀ ਅਤੇ ਭਾਗ ਸਿੰਘ ਮਰਖਾਈ ਆਦਿ ਸ਼ਾਮਲ ਸਨ।

ਜਥੇਬੰਦੀਆਂ ਵੱਲੋਂ ਬੰਦ ਸਫ਼ਲ ਬਣਾਉਣ ਲਈ ਲੋਕਾਂ ਦਾ ਧੰਨਵਾਦ

ਕਿਸਾਨ ਆਗੂਆਂ ਸੁਖਦੇਵ ਸਿੰਘ ਕੋਕਰੀ ਕਲਾਂ, ਬੂਟਾ ਸਿੰਘ ਬੁਰਜਗਿੱਲ, ਡਾ. ਦਰਸ਼ਨਪਾਲ ਅਤੇ ਹੋਰਾਂ ਨੇ ਕਿਸਾਨ ਜਥੇਬੰਦੀਆਂ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ। ਬੁਲਾਰਿਆਂ ਨੇ ਮੋਦੀ ਸਰਕਾਰ ਉੱਤੇ ਕਿਸਾਨਾਂ ਵਿਰੁੱਧ ਵਿਦੇਸ਼ੀ ਧਾੜਵੀ ਦੁਸ਼ਮਣਾਂ ਨਾਲੋਂ ਵੀ ਸਖ਼ਤ ਕਿਲੇਬੰਦੀਆਂ ਲਈ ਉੱਚੀਆਂ ਚੌੜੀਆਂ ਕੰਕਰੀਟ ਕੰਧਾਂ ਉਸਾਰਨ ਤੇ ਤਿੱਖੇ ਕਿੱਲ ਗੱਡਣ ਸਮੇਤ ਫੁੱਟਪਾਊ ਸਾਜ਼ਿਸ਼ਾਂ ਰਚਣ ਅਤੇ ਪੁਲੀਸ, ਫ਼ੌਜ ਦੀ ਛਤਰ ਛਾਇਆ ਹੇਠ ਫਿਰਕੂ ਗੁੰਡਾ ਟੋਲਿਆਂ ਰਾਹੀਂ ਹਮਲੇ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਖੇਤੀ ਕਾਨੂੰਨ ਵਾਪਸ ਲੈਣ ਸਮੇਤ ਗਣਤੰਤਰ ਦਿਵਸ ਮੌਕੇ ਸ਼ਹੀਦ ਹੋਏ ਯੂਪੀ ਦੇ ਕਿਸਾਨ ਨਵਰੀਤ ਸਿੰਘ ਦੇ ਵਾਰਸਾਂ ਨੂੰ 1 ਕਰੋੜ ਰੁਪਏ ਦੀ ਸਹਾਇਤਾ ਦੇਣ, ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਛੱਡਣ ਅਤੇ ਕਿਸਾਨ ਆਗੂਆਂ ਸਿਰ ਮੜ੍ਹੇ ਝੂਠੇ ਪੁਲੀਸ ਕੇਸ ਰੱਦ ਕਰਨ ਦੀ ਵੀ ਜ਼ੋਰਦਾਰ ਮੰਗ ਕੀਤੀ।



Source link