ਰਮੇਸ਼ ਭਾਰਦਵਾਜ/ ਹਰਦੀਪ ਸਿੰਘ ਸੋਢੀ
ਲਹਿਰਾਗਾਗਾ/ਧੂਰੀ,9 ਫਰਵਰੀ
ਇਥੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਿਲਾਇੰਸ ਪੈਟਰੋਲ ਪੰਪ ‘ਤੇ ਅਤੇ ਧੂਰੀ ਵਿੱਚ ਪਿੰਡ ਲੱਡਾ ਦੇ ਟੋਲ ਪਲਾਜ਼ਾ ਉੱਪਰ ਧਰਨੇ ਅੱਜ 132 ਵੇਂ ਦਿਨ ਵੀ ਜਾਰੀ ਰਹੇ। ਧਰਨੇ ‘ਚ ਲਗਾਤਾਰ ਕਿਸਾਨ , ਮਜ਼ਦੂਰ, ਔਰਤਾਂ, ਨੌਜਵਾਨ ਸ਼ਾਮਲ ਹੋ ਕੇ ਏਕੇ ਦਾ ਸਬੂਤ ਦੇ ਰਹੇ ਹਨ। ਧਰਨੇ ‘ਚ ਕਿਸਾਨ ਮਜ਼ਦੂਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਅੰਦੋਲਣਜੀਵੀ ਕਰਾਰ ਦੇਣ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸੰਘਰਸ਼ ਕਰਨਾ ਕਿਸੇ ਦਾ ਸੌਕ ਨਹੀਂ ਹੈ ਅਤੇ ਲੋਕਤੰਤਰ ‘ਚ ਆਪਣੀ ਮੰਗਾਂ ਲਈ ਸ਼ਾਂਤਮਈ ਸੰਘਰਸ਼ ਕਰਨ ਦਾ ਹਰੇਕ ਨੂੰ ਜਮਹੂਰੀ ਹੱਕ ਹੁੰਦਾ ਹੈ ਪਰ ਨਰਿੰਦਰ ਮੋਦੀ ਐਨੇ ਹੰਕਾਰੀ ਹੋ ਗਏ ਹਨ ਕਿ ਉਨ੍ਹਾਂ ਨੂੰ ਪਹਿਲੀ ਅਕਤੂਬਰ ਤੋਂ ਲਗਾਤਰ ਚਲ ਰਿਹਾ ਕਿਸਾਨ ਧਰਨਾ ਦਿਖਾਈ ਨਹੀਂ ਦੇ ਰਿਹਾ। ਜਥੇਬੰਦੀ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੋਰ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾ, ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਨੰਗਲਾ, ਹਰਸੇਵਕ ਸਿੰਘ ਲਹਿਲ ਖੁਰਦ ਆਦਿ ਨੇ ਸੰਬੋਧਨ ਕੀਤਾ।
ਧੂਰੀ ਨੇੜਲੇ ਪਿੰਡ ਲੱਡਾ ਦੇ ਟੋਲ ਪਲਾਜ਼ਾ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਚਮਕੌਰ ਸਿੰਘ ਹਥਨ ਦੀ ਅਗਵਾਈ ਵਿੱਚ ਧਰਨਾ ਜਾਰੀ ਹੈ। ਧਰਨੇ ਦੌਰਾਨ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਦੋਸ਼ ਲਾਉਂਦਿਆਂ ਕਿਹਾ ਕਿ ਉਹ ਦੇਸ਼ ਦੇ ਕਾਰਪੋਰੇਟ ਘਰਾਣਿਆਂ ਦੀ ਬੋਲੀ ਬੋਲ ਕੇ ਕਿਸਾਨਾਂ ਦੇ ਹੱਕਾਂ ਦੀ ਬਲੀ ਲੈ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਦਿੱਲੀ ਵਿੱਚ ਲੱਗੇ ਕਿਸਾਨੀ ਧਰਨੇ ਉਸ ਸਮੇਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਸਰਕਾਰ ਉੱਪਰ ਦੇਸ਼ ਦੇ ਅੰਨ ਦਾਤਿਆਂ ਨੂੰ ਸੜਕਾਂ ਉੱਪਰ ਰੋਲਣ ਦੇ ਦੋਸ ਲਾਏ।