ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਫਰਵਰੀ
ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਨੂੰ ਹੋਰ ਭਖਾਉਣ ਦੀ ਆਪਣੀ ਭਵਿੱਖੀ ਰਣਨੀਤੀ ਤਹਿਤ 18 ਫਰਵਰੀ ਨੂੰ ਚਾਰ ਘੰਟੇ ਲਈ ‘ਰੇਲ ਰੋਕੋ’ ਦਾ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ 14 ਫਰਵਰੀ ਨੂੰ 2019 ਦੇ ਪੁਲਵਾਮਾ ਦਹਿਸ਼ਤੀ ਹਮਲੇ ਵਿੱਚ ਸ਼ਹੀਦ ਹੋਏ ਸੀਆਰਪੀਐੱਫ ਦੇ ਜਵਾਨਾਂ ਦੀ ਯਾਦ ਵਿੱਚ ਮੋਮਬੱਤੀ ਮਾਰਚ ਤੇ ਮਸ਼ਾਲ ਜਲੂਸ ਕੱਢੇ ਜਾਣਗੇ।
ਮੋਰਚੇ ਨੇ ਇਕ ਬਿਆਨ ਵਿੱਚ ਅਗਲੇ ਇਕ ਹਫ਼ਤੇ ਲਈ ਐਲਾਨੇ ਪ੍ਰੋਗਰਾਮਾਂ ਦੀ ਰੂਪਰੇਖਾ ਉਲੀਕਦਿਆਂ ਕਿਹਾ ਕਿ 12 ਫਰਵਰੀ ਤੋਂ ਰਾਜਸਥਾਨ ਵਿੱਚ ਟੌਲ ਪਲਾਜ਼ੇ ਟੌਲ ਮੁਕਤ ਕੀਤੇ ਜਾਣਗੇ। ਬੈਠਕ ਵਿੱਚ ਮੋਰਚੇ ਨਾਲ ਜੁੜੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਸਮੇਤ ਉੱਤਰ ਪ੍ਰਦੇਸ਼, ਹਰਿਆਣਾ ਤੇ ਹੋਰ ਰਾਜਾਂ ਦੇ ਆਗੂ ਸ਼ਾਮਲ ਹੋਏ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਨੇ ਅੰਦੋਲਨ ਨੂੰ ਭਖਾਉਣ ਦਾ ਫੈਸਲਾ ਕੀਤਾ ਹੈ। ਇਸੇ ਕੜੀ ਵਿੱਚ 18 ਫਰਵਰੀ ਨੂੰ ‘ਰੇਲ ਰੋਕੋ’ ਪ੍ਰੋਗਰਾਮ ਤਹਿਤ ਬਾਅਦ ਦੁਪਹਿਰ 12ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਰੇਲਗੱਡੀਆਂ ਰੋਕੀਆਂ ਜਾਣਗੀਆਂ। ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਮਗਰੋਂ ਹੁਣ 12 ਫਰਵਰੀ ਤੋਂ ਰਾਜਸਥਾਨ ਦੇ ਟੌਲ ਪਲਾਜ਼ੇ ਟੌਲ ਮੁਕਤ ਕੀਤੇ ਜਾਣਗੇ। ਮੋਰਚੇ ਨੇ ਕਿਸਾਨ ਯੂਨੀਅਨਾਂ ਦੇ ਝੰਡਿਆਂ ਦੀ ਥਾਂ ਹੁਣ ਕੌਮੀ ਤਿਰੰਗੇ ਝੰਡੇ ਨੂੰ ਤਰਜੀਹ ਦੇਣ ਦਾ ਫੈਸਲਾ ਕੀਤਾ ਹੈ। ਮੀਟਿੰਗ ਦੌਰਾਨ ਦੇਸ਼ ਦੀ ਸੁਰੱਖਿਆ ਵਿੱਚ ਲੱਗੇ ਕਿਸਾਨ ਪੁੱਤਰਾਂ ਦੇ ਯੋਗਦਾਨ ਨੂੰ ਉਭਾਰਨ ਲਈ ਵੀ ਰਣਨੀਤੀ ਉਲੀਕੀ ਗਈ ਹੈ। ਸਮਾਗਮਾਂ ਦੌਰਾਨ ‘ਜੈ ਜਵਾਨ-ਜੈ ਕਿਸਾਨ’ ਦੇ ਨਾਅਰੇ ਨੂੰ ਬੁਲੰਦ ਕੀਤਾ ਜਾਵੇਗਾ। ਉਨ੍ਹਾਂ ਦੇਸ਼ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਕਿਸਾਨ ਆਗੂ ਖ਼ਾਸ ਕਰਕੇ ਨੌਜਵਾਨ ਤੇ ਹੋਰ ਜਥੇਬੰਦੀਆਂ, ਸਰਕਾਰੀ ਜਾਂ ਨਿੱਜੀ ਜਾਇਦਾਦ ਨੂੰ ਨੁਕਸਾਨ ਕੀਤੇ ਬਿਨਾਂ ਸ਼ਾਂਤਮਈ ਤਰੀਕੇ ਨਾਲ ‘ਰੇਲ ਰੋਕੋ’ ਨੂੰ ਸਫਲ ਬਣਾਉਣ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 6 ਫਰਵਰੀ ਦੇ ‘ਚੱਕਾ ਜਾਮ’ ਦੌਰਾਨ ਬਹੁਤ ਸ਼ਾਂਤਮਈ ਤਰੀਕੇ ਨਾਲ ਕੌਮੀ ਤੇ ਸੂਬਾਈ ਮਾਰਗਾਂ ਉਪਰ ਕਿਸਾਨਾਂ ਨੇ ਅਨੁਸ਼ਾਸਨ ਦਿਖਾਇਆ ਸੀ। ਬੈਠਕ ਵਿੱਚ ਸੰਸਦ ਅੰਦਰ ਹੋਈਆਂ ਬਹਿਸਾਂ ਉਪਰ ਵੀ ਨਜ਼ਰਸਾਨੀ ਕੀਤੀ ਗਈ।
ਕਿਸਾਨ ਅੰਦੋਲਨ: ਜਗਰਾਉਂ ਵਿੱਚ ਮਹਾਪੰਚਾਇਤ ਅੱਜ
ਜਗਰਾਉਂ (ਪੱਤਰ ਪ੍ਰੇਰਕ): ਸੰਯੁਕਤ ਮੋਰਚੇ ਵੱਲੋਂ ਜਗਰਾਉਂ ਅਨਾਜ ਮੰਡੀ ‘ਚ 11 ਫਰਵਰੀ ਨੂੰ ਮਹਾਪੰਚਾਇਤ ਕਰਵਾਈ ਜਾਵੇਗੀ, ਜਿਸ ਦੀ ਸਫਲਤਾ ਲਈ ਕਿਸਾਨ ਜਥੇਬੰਦੀਆਂ ਵੱਲੋਂ ਨੁੱਕੜ ਮੀਟਿੰਗਾਂ ਕਰਦਿਆਂ ਲਾਮਬੰਦੀ ਕੀਤੀ ਗਈ। ਕਿਸਾਨ ਆਗੂਆਂ ਨੇ ਪਿੰਡਾਂ ‘ਚ ਜਾ ਕੇ ਹਮਖਿਆਲੀ ਜਥੇਬੰਦੀਆਂ ਨਾਲ ਰਾਬਤਾ ਕੀਤਾ। ਮਜ਼ਦੂਰ ਆਗੂ ਅਵਤਾਰ ਰਸੂਲਪੁਰ, ਜੋਗਿੰਦਰ ਆਜ਼ਾਦ, ਪ੍ਰੀਤਮ ਅਖਾੜਾ, ਦੇਵਰਾਜ, ਇੰਦਰਜੀਤ ਧਾਲੀਵਾਲ ਆਦਿ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਨੂੰ ਸਿਖਰ ਤਕ ਲਿਜਾਣ ਲਈ ਪੰਜਾਬ (ਜਗਰਾਉਂ) ‘ਚ ਰੱਖੀ ਮਹਾਪੰਚਾਇਤ ‘ਚ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਨਿਰਭੈ ਢੁੱਡੀਕੇ, ਮਨਜੀਤ ਧਨੇਰ ਤੇ ਬੂਟਾ ਬੁਰਜ ਗਿੱਲ ਸ਼ਾਮਲ ਹੋਣਗੇ। ਦੂਜੇ ਪਾਸੇ ਬੀਕੇਯੂ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਆਖਿਆ ਕਿ ਮੋਦੀ ਸਰਕਾਰ ਦੇ ਕਿਸਾਨ ਮਜ਼ਦੂਰ ਮਾਰੂ ਅੜੀਅਲ ਵਤੀਰੇ ਨੂੰ ਭਾਂਜ ਦੇਣ ਅਤੇ ਹੋਰ ਵਧੇਰੇ ਲਾਮਬੰਦੀਆਂ ਲਈ ਕਿਸਾਨ ਏਕਤਾ ਨੂੰ ਮੁੱਖ ਰੱਖਦਿਆ ਬੀਕੇਯੂ (ਏਕਤਾ) ਉਗਰਾਹਾਂ ਵੱਲੋਂ ਵੀ ਇਸ ਮਹਾਰੈਲੀ ‘ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ।