ਜੇਲ੍ਹ ’ਚ ਬੰਦ ਪ੍ਰੋ. ਸਾਈਬਾਬਾ ਨੂੰ ਕਰੋਨਾ


ਨਾਗਪੁਰ, 13 ਫਰਵਰੀ

ਮਾਓਵਾਦੀਆਂ ਨਾਲ ਸਬੰਧਾਂ ਦੇ ਦੋੋਸ਼ ਹੇਠ ਨਾਗਪੁਰ ਦੀ ਕੇਂਦਰੀ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀਐੱਨ ਸਾਈਬਾਬਾ ਨੂੰ ਕਰੋਨਾਵਾਇਰਸ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਜੇਲ੍ਹ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਾਈਬਾਬਾ ਨਾਲ ਜੇਲ੍ਹ ਵਿੱਚ ਬੰਦ ਤਿੰਨ ਹੋਰ ਕੈਦੀਆਂ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆਈ ਹੈ। ਜੇਲ੍ਹ ਸੁਪਰਡੈਂਟ ਅਨੂਪ ਕੁਮਰੇ ਨੇ ਕਿਹਾ ਕਿ ਸਾਈਬਾਬਾ ਨੂੰ ਸੀਟੀ ਸਕੈਨ ਤੇ ਹੋਰ ਟੈਸਟ ਦੀ ਜਾਂਚ ਲਈ ਲਿਜਾਇਆ ਜਾਵੇਗਾ। ਡਾਟਕਰਾਂ ਦੀ ਸਲਾਹ ਮਗਰੋਂ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ, ”ਕੱਲ੍ਹ ਜੀਐੱਨ ਸਾਈਬਾਬਾ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ।” ਪ੍ਰੋ. ਸਾਈਬਾਬਾ ਸਰੀਰਕ ਤੌਰ ‘ਤੇ 90 ਫ਼ੀਸਦੀ ਅਪਾਹਜ ਹਨ ਅਤੇ ਵ੍ਹੀਲਚੇਅਰ ‘ਤੇ ਹਨ। ਮਹਾਰਾਸ਼ਟਰ ਦੇ ਗੜ੍ਹਚਿਰੌਲੀ ਦੀ ਇੱਕ ਅਦਾਲਤ ਨੇ ਦੇਸ਼ ਖ਼ਿਲਾਫ਼ ਜੰਗ ਛੇੜਨ ਸਬੰਧੀ ਸਰਗਰਮੀਆਂ ਵਿੱਚ ਸ਼ਮੂਲੀਅਤ ਅਤੇ ਮਾਓਵਾਦੀਆਂ ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਸਾਈਬਾਬਾ ਅਤੇ ਚਾਰ ਹੋਰਾਂ ਨੂੰ ਸਾਲ 2017 ਵਿੱਚ ਦੋਸ਼ੀ ਠਹਿਰਾਇਆ ਸੀ। ਉਦੋਂ ਤੋਂ ਪ੍ਰੋ. ਸਾਈਬਾਬਾ ਨਾਗਪੁਰ ਜੇਲ੍ਹ ਵਿੱਚ ਬੰਦ ਹਨ। -ਪੀਟੀਆਈ



Source link