ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਬੱਚੇ; ਕਿਸਾਨਾਂ ਦੇ ਹੱਕ ਵਿੱਚ ਰੈਲੀ

ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਬੱਚੇ; ਕਿਸਾਨਾਂ ਦੇ ਹੱਕ ਵਿੱਚ ਰੈਲੀ


ਬਲਵਿੰਦਰ ਰੈਤ

ਨੂਰਪੁਰ ਬੇਦੀ, 13 ਫਰਵਰੀ

ਪਿੰਡ ਸਿੰਬਲਮਾਜਰਾ ਦੇ ਬੱਚਿਆਂ ਨੇ ਕਿਸਾਨੀ ਮੰਗਾਂ ਦੇ ਹੱਕ ਵਿੱਚ ਸਾਈਕਲ ਰੈਲੀ ਕੀਤੀ। ਰੈਲੀ ਦੌਰਾਨ ਬੱਚੇ ਕਿਸਾਨੀ ਝੰਡਿਆਂ ਨਾਲ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਬੱਚੇ ਵੱਲੋਂ ਕਿਸਾਨਾਂ ਦੇ ਥੋਪੇ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਇਹ ਰੈਲੀ ਨੂਰਪੁਰ ਬੇਦੀ, ਸੈਣੀਮਾਜਰਾ, ਬਿੱਲਪੁਰ, ਮੋਠਾਪੁਰ, ਅਮਰਪੁਰ ਬੇਲਾ ਅਤੇ ਬੁਰਜ ਦੇ ਪੁੱਲ ਤੱਕ ਪਹੁੰਚ ਕੇ ਹੋਰ ਕਈ ਪਿੰਡਾਂ ਵਿੱਚ ਹੁੰਦੀ ਹੋਈ ਪਿੰਡ ਜੇਤੇਵਾਲ ਖਤਮ ਹੋਈ। ਬੱਚਿਆਂ ਨੇ ਕੈਂਡਲ ਮਾਰਚ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਰੈਲੀ ਵਿੱਚ ਸ਼ਾਮਲ ਬੱਚੇ ਜਿਨ੍ਹਾਂ ਵਿੱਚ ਸ਼ਾਨ ਸਿੰਘ ਢਿੱਲੋਂ, ਨਰਿੰਦਰ ਭੂੰਡੀ, ਹਰਸ਼ ਝਿੰਗੜ, ਕਰਨ, ਇੰਦੂ, ਜਸ਼ਨ, ਦਮਨ, ਨਿਖਿਲ, ਤੇਜਵੀਰ ਸਿੰਘ ਤੇ ਅਸਾਰ ਸਿੰਘ ਹਾਜ਼ਰ ਸਨ।

ਰੂਪਨਗਰ (ਪੱਤਰ ਪ੍ਰੇਰਕ): ਵੱਖ-ਵੱਖ ਕਿਸਾਨ ਤੇ ਹੋਰ ਜਥੇਬੰਦੀਆਂ ਵੱਲੋਂ 25 ਫਰਵਰੀ ਨੂੰ ਨਵੀਂ ਅਨਾਜ ਮੰਡੀ ਰੂਪਨਗਰ ਵਿਚ ਜਨ ਪੰਚਾਇਤ ਬੁਲਾਉਣ ਦਾ ਫੈ਼ਸਲਾ ਕੀਤਾ ਗਿਆ ਹੈ। ਅੱਜ ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਕਿਸਾਨ ਜਥੇਬੰਦੀਆਂ, ਪੰਚਾਇਤਾਂ, ਸਮਾਜਸੇਵੀ ਸੰਸਥਾਵਾਂ, ਬੁੱਧੀਜੀਵੀਆਂ, ਮਜ਼ਦੂਰਾਂ ਦੀ ਭਰਵੀਂ ਮੀਟਿੰਗ ਵਿੱਚ ਜਨ ਪੰਚਾਇਤ ਨੂੂੰ ਸਫ਼ਲ ਬਣਾਉਣ ਲਈ ਆਗੂਆਂ ਦੀ ਬਲਾਕ ਪੱਧਰ ‘ਤੇ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਸਾਨੀ ਸੰਘਰਸ਼ ਨੂੰ ਤੇਜ਼ ਕਰਨ ਤੇ ਕੇਂਦਰ ਦੀ ਗੁੰਗੀ ਬੋਲੀ ਸਰਕਾਰ ਨੂੰ ਆਪਣੀ ਆਵਾਜ਼ ਸੁਣਾਉਣ ਲਈ ਸਾਰੇ ਵਰਗਾਂ ਦੇ ਲੋਕਾਂ ਨੂੰ ਇੱਕਜੁੱਟ ਹੋਣ ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਦਿੱਲੀ ਦੀਆਂ ਸਰਹੱਦਾਂ ‘ਤੇ ਆਪਣੇ ਪਰਿਵਾਰ ਛੱਡ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਲੜ ਰਹੇ ਹਨ, ਪਰ ਸਰਕਾਰ ਦੇ ਨੁਮਾਇੰਦੇ ਕਿਸਾਨ ਪ੍ਰਤੀ ਕਈ ਤਰ੍ਹਾਂ ਦੇ ਬਿਆਨ ਦੇ ਰਹੇ ਹਨ, ਜੋ ਕਿ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬੀ ਨੇ ਕਦੇ ਵੀ ਕਿਸੇ ‘ਤੇ ਜ਼ੁਲਮ ਨਾ ਕੀਤਾ ਹੈ ਤੇ ਨਾ ਹੀ ਬਰਦਾਸ਼ਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਤੋਂ ਲੋਕਾਂ ਦਾ ਸੰਘਰਸ਼ ਨੂੰ ਤੇਜ ਕਰਨ ਲਈ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫ਼ੇਅਰ ਐਸੋਸੀਏਸ਼ਨ ਖਮਾਣੋਂ ਦੇ ਪ੍ਰਧਾਨ ਦਿਲਬਾਰਾ ਸਿੰਘ ਅਤੇ ਪ੍ਰੈੱਸ ਸਕੱਤਰ ਜਸਵੰਤ ਸਿੰਘ ਚੜੀ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਪ੍ਰਤੀ ਅਖਤਿਆਰ ਕੀਤੇ ਗਏ ਇਕ ਪਾਸੜ ਰੁਖ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਉਕਤ ਕਾਨੂੰਨਾਂ ਨੂੰ ਵਾਪਸ ਲੈ ਕੇ ਦੇਸ਼ ਦੇ ਮਾਹੌਲ ਨੂੰ ਸ਼ਾਂਤਮਈ ਬਣਾਵੇ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਬਲਾਕ ਖਮਾਣੋਂ ਦੀ ਮੀਟਿੰਗ ਅੱਜ ਇਥੇ ਗੁਰਦੁਆਰੇ ਵਿੱਚ ਹੋਈ, ਜਿਸ ਵਿੱਚ 18 ਫਰਵਰੀ ਨੂੰ ਰੇਲਵੇ ਸ਼ਟੇਸ਼ਨ ਖਮਾਣੋਂ (ਫਰੌਰ) ਵਿਚ ਕੌਮੀ ਮੋਰਚੇ ਦੇ ਸੱਦੇ ‘ਤੇ ਰੇਲਾਂ ਰੋਕੀਆਂ ਜਾਣ ਦੇ ਪ੍ਰੋਗਰਾਮ ਸਬੰਧੀ ਵਿਚਾਰ ਕੀਤੀ ਗਈ। ਪ੍ਰੋਗਰਾਮ ਮੁਤਾਬਕ 14 ਫਰਵਰੀ ਨੂੰ ਮੋਮਬੱਤੀ ਮਾਰਚ ਸ਼ਹਿਰ ਵਿਚ ਸ਼ਾਮ 6.30 ਵਜੇ ਹੋਵੇਗਾ।

ਦਿੱਲੀ ਪੁਲੀਸ ਝੂਠੇ ਕੇਸ ਵਾਪਸ ਲਵੇ: ਪੰਜੋਲੀ

ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਲੀ ਪੁਲੀਸ ਵੱਲੋਂ ਕੀਤੇ ਝੂਠੇ ਮੁਕੱਦਮੇ ਵਾਪਸ ਲੈਣ ਲਈ ਪੱਤਰ ਭੇਜਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਕਿਸਾਨਾਂ ਵੱਲੋਂ ਆਪਣੇ ਟਰੈਕਟਰਾਂ ‘ਤੇ ਤਿਰੰਗਾ ਝੰਡਾ ਲਗਾ ਕੇ ਸ਼ਾਂਤਮਈ ਤਰੀਕੇ ਨਾਲ ਟਰੈਕਟਰ ਪਰੇਡ ਕੱਢੀ ਗਈ ਤੇ ਕੁੱਝ ਕਿਸਾਨ ਭਰਾ ਜ਼ਜਬਾਤੀ ਭਾਵਨਾਵਾਂ ਨਾਲ ਲਾਲ ਕਿਲ੍ਹੇ ਵੱਲ ਚਲੇ ਗਏ ਜਿੱਥੇ ਕੁੱਝ ਨੌਜਵਾਨਾਂ ਨੇ ਲਾਲ ਕਿਲ੍ਹੇ ਵਿਖੇ ਕੇਸਰੀ ਝੰਡਾ ਵੀ ਝੁਲਾ ਦਿੱਤਾ ਸੀ, ਜਿਸ ਸਬੰਧੀ ਬਹੁਤ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਕਈ ਦੇ ਘਰਾਂ ‘ਚ ਛਾਪੇ ਵੀ ਮਾਰੇ ਗਏ, ਜਿਸ ਕਾਰਨ ਬਹੁਤ ਸਾਰੇ ਕਿਸਾਨ ਰੂਪੋਸ਼ ਵੀ ਹੋ ਗਏ। ਉਨ੍ਹਾਂ ਕਿਹਾ ਕਿ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖਾਂ ਨੇ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ‘ਤੇ ਨਿਸ਼ਾਨ ਸਾਹਿਬ ਝੁਲਾਉਣ ਸਮੇਂ ਤਿਰੰਗਾ ਝੰਡੇ ਦਾ ਕੋਈ ਅਪਮਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਭੰਨਤੋੜ ਕੀਤੀ ਗਈ ਹੈ, ਇਸ ਲਈ ਗ੍ਰਹਿ ਮੰਤਰੀ ਨੂੰ ਮੰਗ ਕੀਤੀ ਕਿ ਕਿਸਾਨੀ ਵਿਰੁੱਧ ਪਾਸ ਕੀਤੇ ਤਿੰਨ ਕਾਨੂੰਨ ਵਾਪਸ ਲੈਣ ਦੇ ਨਾਲ-ਨਾਲ ਕਿਲ੍ਹੇ ਵਿਚ ਵਾਪਰੀਆਂ ਘਟਨਾਵਾਂ ਸਬੰਧੀ ਦਰਜ ਕੀਤੇ ਗਏ ਮੁਕੱਦਮੇ ਵੀ ਵਾਪਸ ਲਏ ਜਾਣ।

ਨੱਗਲ ਟੌਲ ਪਲਾਜ਼ਾ ‘ਤੇ ਮੋਮਬੱਤੀ ਮਾਰਚ ਅੱਜ

ਪੰਚਕੂਲਾ (ਪੀਪੀ ਵਰਮਾ): ਇਥੋਂ ਦੇ ਨੱਗਲ-ਬਰਵਾਲਾ ਟੋਲ ਪਲਾਜ਼ਾ ਉੱਤੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ 14 ਫਰਵਰੀ ਨੂੰ ਕੈਂਡਲ ਮਾਰਚ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਡਲ ਮਾਰਚ ਰਾਹੀਂ ਅੰਦੇਲਨ ਦੌਰਾਨ ਮਾਰੇ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਕਿਸਾਨਾਂ ਨੇ ਸਮਾਜ ਦੇ ਹਰੇਕ ਵਰਗ ਨੂੰ ਅਪੀਲ ਕੀਤੀ ਹੈ ਕਿ ਉਹ ਕੈਂਡਲ ਮਾਰਚ ਦਾ ਹਿੱਸਾ ਬਣਨ। ਇਹ ਕੈਂਡਲ ਮਾਰਚ ਸ਼ਾਮ 5 ਵਜੇ ਤੋਂ 7 ਵਜੇ ਤੱਕ ਕੱਢਿਆ ਜਾਵੇਗਾ। ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਪੰਚਕੂਲਾ ਦੇ ਦੋਵੇਂ ਟੋਲ ਪਲਾਜ਼ਿਆਂ ਉੱਤੇ ਧਰਨਾ ਦੇ ਰਹੇ ਹਨ ਅਤੇ ਆਵਾਜਾਈ ਨੂੰ ਟੋਲ-ਫਰੀ ਕੀਤਾ ਹੋਇਆ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਦਾ ਮਾਰਚ ਸ਼ਾਂਤਮਈ ਹੋਵੇਗਾ।



Source link