ਸਰਬਜੀਤ ਭੰਗੂ
ਪਟਿਆਲਾ, 14 ਫ਼ਰਵਰੀ
ਪਟਿਆਲਾ ਜ਼ਿਲ੍ਹੇ ਦੇ ਚਾਰ ਸ਼ਹਿਰਾਂ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਅੱਜ ਰਾਜਪੁਰਾ ਦੇ ਦੋ ਅਤੇ ਸਮਾਣਾ ਦੇ ਇੱਕ ਵਾਰਡ ਵਿੱਚ ਗੜਬੜੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਰਾਜਪੁਰਾ ਵਿਚ ਵਾਰਡ ਨੰਬਰ 23 ‘ਚ ਕੁਝ ਨੌਜਵਾਨਾਂ ਵੱਲੋਂ ਬੂਥ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਥੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰਵੀਨ ਛਾਬੜਾ ਦੀ ਪਤਨੀ ਦੀਪਤੀ ਛਾਬੜਾ, ਕਾਂਗਰਸੀ ਉਮੀਦਵਾਰ ਸ਼ੀਲਾ ਰਾਣੀ ਤੇ ਆਪ ਉਮੀਦਵਾਰ ਸ਼ਸ਼ੀ ਬਾਲਾ ਉਮੀਦਵਾਰ ਹਨ, ਪਰ ਰਾਜਪੁਰਾ ਵਿਚਲੀ ਇਸ ਘਟਨਾ ਵਿੱਚ ਜਿੱਥੇ ਭਾਜਪਾ ਅਤੇ ਆਪ ਆਗੂਆਂ ਵੱਲੋਂ ਕਾਂਗਰਸ ‘ਤੇ ਦੋਸ਼ ਲਾਏ ਜਾ ਰਹੇ ਹਨ, ਉੱਥੇ ਹੀ ਕਾਂਗਰਸ ਵੱਲੋਂ ਇਸ ਪਿੱਛੇ ਭਾਜਪਾ ਦਾ ਹੱਥ ਦੱਸਿਆ ਜਾ ਰਿਹਾ ਹੈ। ਰਾਜਪੁਰਾ ਦੇ ਵਾਰਡ 17 ‘ਚ ਵੀ ਕਾਂਗਰਸ ਤੇ ਆਜ਼ਾਦ ਉਮੀਦਵਾਰ ਦਰਮਿਆਨ ਤਕਰਾਰ ਹੋਈ।
ਸਮਾਣਾ ਦੇ ਵਾਰਡ ਨੰਬਰ ਅੱਠ ਵਿਚ ਵੀ ਕੁਝ ਨੌਜਵਾਨਾਂ ਨੇ ਬੂਥ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਥੋਂ ਅਕਾਲੀ ਉਮੀਦਵਾਰ ਤੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਇਸ ਘਟਨਾ ਪਿੱਛੇ ਕਾਂਗਰਸ ਦਾ ਹੱਥ ਦੱਸਿਆ ਹੈ। ਕਾਂਗਰਸੀ ਉਮੀਦਵਾਰ ਗੁਣਤਾਜ ਮਨੀ ਅਤੇ ਭਾਜਪਾ ਵੱਲੋਂ ਸ੍ਰੀ ਬੁੱਧੂ ਉਮੀਦਵਾਰ ਹਨ। ਇਸੇ ਤਰ੍ਹਾਂ ਸਮਾਣਾ ਵਿਚ ਵੀ ਵਾਰਡ ਨੰਬਰ ਅੱਠ ‘ਤੇ ਕੁਝ ਨੌਜਵਾਨਾਂ ਵੱਲੋਂ ਬੂਥ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।