ਪੁਣੇ/ਮੁੰਬਈ, 14 ਫਰਵਰੀ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਦੇਸ਼ ਦੇ ਸਾਬਕਾ ਚੀਫ਼ ਜਸਟਿਸ ਅਤੇ ਰਾਜ ਸਭਾ ਮੈਂਬਰ ਰੰਜਨ ਗੋਗੋਈ ਵੱਲੋਂ ਨਿਆਂਪਾਲਿਕਾ ਬਾਰੇ ਦਿੱਤੇ ਬਿਆਨ ਨੂੰ ‘ਹਿਲਾ ਦੇਣ ਵਾਲਾ ਅਤੇ ਚਿੰਤਾਜਨਕ’ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਰੰਜਨ ਗੋਗੋਈ ਨੇ ਕਿਹਾ ਸੀ ਕਿ ਨਿਆਂਪਾਲਿਕਾ ‘ਮਾੜੀ ਹਾਲਤ’ ਵਿੱਚ ਹੈ ਅਤੇ ਉਨ੍ਹਾਂ ਨੇ ਬਕਾਇਆ ਪਏ ਕੇਸਾਂ ‘ਤੇ ਚਿੰਤਾ ਜਤਾਈ ਸੀ।
ਪੁਣੇ ‘ਚ ਇੱਕ ਸਮਾਗਮ ਦੌਰਾਨ ਸ੍ਰੀ ਪਵਾਰ ਨੇ ਕਿਹਾ, ‘ਪਿਛਲੇ ਹਫ਼ਤੇ ਮੈਂ ਕਿਤੇ ਪੜ੍ਹਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਪਰੀਮ ਕੋਰਟ ਦੇ ਜੱਜਾਂ ਨਾਲ ਮੀਟਿੰਗਾਂ ਵਿੱਚੋਂ ਇੱਕ ਦੌਰਾਨ ਕਿਹਾ ਸੀ ਕਿ ਭਾਰਤੀ ਨਿਆਂਪਾਲਿਕਾ ਦਾ ਪੱਧਰ ਬਹੁਤ ਉੱਚਾ ਹੈ। ਸਾਨੂੰ ਸਭ ਨੂੰ ਬਹੁਤ ਵਧੀਆ ਲੱਗਾ ਸੀ।’ ਐੱਨਸੀਪੀ ਦੇ ਸੰਸਥਾਪਕ ਨੇ ਕਿਹਾ, ‘ਪਰ ਸਾਬਕਾ ਚੀਫ਼ ਜਸਟਿਸ ਆਫ਼ ਇੰਡੀਆ, ਜਿਨ੍ਹਾਂ ਨੂੰ ਹੁਣ ਰਾਜ ਸਭਾ ‘ਚ ਭੇਜਿਆ ਗਿਆ ਹੈ, ਨੇ ਬਹੁਤ ਹਿਲਾ ਦੇਣ ਵਾਲਾ ਬਿਆਨ ਦਿੱਤਾ ਹੈ। ਮੈਂ ਨਹੀਂ ਜਾਣਦਾ ਕਿ ਉਨ੍ਹਾਂ ਨੇ ਨਿਆਂਪਾਲਿਕਾ ਦੀ ਸਚਾਈ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਗੋਗੋਈ ਵੱਲੋਂ ਕੀਤੀ ਟਿੱਪਣੀ ਸਾਰਿਆਂ ਲਈ ‘ਚਿੰਤਾ’ ਕਰਨ ਵਾਲੀ ਗੱਲ ਹੈ। ਦੂੁਜੇ ਪਾਸੇ ਨਾਸਿਕ ‘ਚ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਕਿਹਾ ਕਿ ਗੋਗੋਈ ਦੇ ਬਿਆਨ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਸਾਬਕਾ ਚੀਫ਼ ਜਸਟਿਸ ਨੂੰ ‘ਆਪਣੇ ਕਾਰਜਕਾਲ ਦੀਆਂ ਉਦਾਹਰਨਾਂ’ ਦੇ ਕੇ ਦੱਸਣਾ ਚਾਹੀਦਾ ਹੈ ਕਿ ਉਹ ਅਜਿਹਾ ਕਿਉਂ ਸੋਚਦੇ ਹਨ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ਦੀ ਆਲੋਚਨਾ ਨਹੀਂ ਕੀਤੀ ਜਾਣੀ ਚਾਹੀਦੀ। -ਪੀਟੀਆਈ