ਫ਼ਕੀਰਾ! ਹੁਣ ਮੋੜਾ ਪਾ…


ਚਰਨਜੀਤ ਭੁੱਲਰ

ਚੰਡੀਗੜ੍ਹ, 14 ਫਰਵਰੀ

ਲੋਕ ਰਾਜ ਦਾ ਮੰਦਰ ਆਖੋ, ਚਾਹੇ ਸੰਸਦ ਭਵਨ ਦਾ ਪਵਿੱਤਰ ਸਦਨ। ਏਨਾ ਦੁੱਧ ਧੋਤਾ, ਰਹੇ ਰੱਬ ਦਾ ਨਾਂ। ਇੰਝ ਭੁਲੇਖਾ ਪੈਂਦਾ ਜਿਵੇਂ ਢਾਕੇ ਦੀ ਮਲਮਲ ਦੀ ਪੰਡ ਖੁੱਲ੍ਹੀ ਹੋਵੇ। ਦੁੱਧ ਦੀਆਂ ਘੁੱਟਾਂ ਵਰਗੇ ਪੁਜਾਰੀ, ਨਾ ਅੱਖ ‘ਚ ਟੀਰ, ਨਾ ਦਿਲਾਂ ‘ਚ ਮੈਲ। ਸੰਸਦੀ ਸੈਸ਼ਨਾਂ ‘ਚ ਮਾਹੌਲ ਹੱਜ ਵਰਗਾ ਬਣਦਾ। ਨਾ ਧੂਫ ਬੱਤੀ, ਨਾ ਅਗਰਬੱਤੀ, ਬੱਸ ਸੰਵਿਧਾਨ ਦੀ ਰੂਹ ਪਰਿਕਰਮਾ ਕਰਦੀ।

‘ਜਦੋਂ ਦਲੀਲ ਦਾ ਰਾਜ ਹੋਵੇ, ਸ਼ਾਂਤੀ ਪੈਲਾਂ ਪਾਉਂਦੀ ਹੈ।’ ਐਡਵਿਨ ਲੁਟੀਅਨਜ਼ ਤੇ ਹਰਬਰਟ ਬੇਕਰ, ਦੋਵੇਂ ਸੰਸਦ ਭਵਨ ਦੇ ਇਮਾਰਤਸਾਜ਼ੀ। ਮਾਣਮੱਤਾ ਭਵਨ 93ਵੇਂ ਵਰ੍ਹੇ ਨੂੰ ਢੁੱਕਿਐ। ਜਦੋਂ ਸਦਨ ਨਿਆਣਾ ਸੀ, ਸਾਜਿੰਦੇ ਸਿਆਣੇ ਸਨ। ‘ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ।’ ਲੋਕ ਰਾਜ ਦੇ ਪੁੱਤਾਂ ਦੀ ਮੁੱਛ ਫੁੱਟੀ, ਤਾਂ ਭਵਨ ਦੀ ਆਤਮਾ ਕੰਬੀ। ਤਾਜ਼ਾ ਬਜਟ ਸੈਸ਼ਨ! ਜਿਵੇਂ ਸਦਨ ‘ਚ ਝੂਠ ਦੀ ਪੰਡ ਖੁੱਲ੍ਹੀ ਹੋਵੇ। ਹੁਣ ਕੌਣ ਆਖੇ! ਬੇਬੇ ਪੰਡ ਬੰਨ੍ਹਾ।

ਨਵਾਂ ਯੁੱਗ ਤੇ ਨਵੇਂ ਰੰਗ ਰਾਗ। ਨਵਾਂ ਸੰਸਦ ਭਵਨ ਬਣੇਗਾ। ਮੌਜੂਦਾ ਸੰਸਦ ਭਵਨ, ਬੁੱਢਾ ਹੋ ਗਿਐ। ਝੂਠ-ਤੂਫਾਨ ਕੰਧਾਂ ‘ਤੇ ਵੇਲਾਂ ਵਾਂਗੂ ਜੋ ਚੜ੍ਹਿਐ। ਗਲੀਚੇ ਸ਼ਰਮ ਨਾਲ ਭਿੱਜੇ ਨੇ। ਸਿਆਸੀ ਵੈਦ ਅੱਖੀਂ ਘੱਟਾ ਪਾ ਗਏ। ਭਵਨ ਨੂੰ ਭੰਬੂਤਾਰੇ ਦਿਖਣੋਂ ਨਹੀਂ ਹਟਦੇ, ਸੈਨੇਟਾਈਜ਼ਰ ਬੇਅਸਰ ਹੋਇਐ, ਵੈਕਿਊਮ ਕਲੀਨਰ ਵੀ ਫਿਊਜ਼ ਉਡਾ ਰਿਹੈ। ਸਦਨ ‘ਚ ਕੁਫ਼ਰ ਜੰਮ ਗਏ ਨੇ। ਸਿਆਸੀ ਪੁਜਾਰੀ, ਮਦਾਰੀ ਬਣੇ ਨੇ। ਹੁਣ ਕੌਣ ਆਖੇ! ਬੇਬੇ ਖੇਡਾ ਰੁਕਵਾ।

‘ਮਾੜੇ ਦਾ ਕੋਈ ਦੇਸ਼ ਨਹੀਂ ਹੁੰਦਾ’। ਕਿਸਾਨਾਂ ਨੇ ਮੁੜ ਲੰਗੋਟ ਕੱਸੇ ਨੇ। ਮਹਾਪੰਚਾਇਤਾਂ ਦਾ ਝਾੜ, ਬੱਸ ਪੁੱਛੋ ਕੋਈ ਨਾ। ਕਿਸਾਨੀ ਸੰਘਰਸ਼ ਨੂੰ ਸਾਜ਼ਿਸ਼ੀ ਠੁੱਡੇ ਵੀ ਵੱਜੇ। ਕੱਪੜੇ ਝਾੜ ਕੇ ਘੋਲ ਮੁੜ ਖੜ੍ਹਾ ਹੋਇਐ। ਦਿੱਲੀ ਹੱਦ ‘ਚ ਕਿਸਾਨ ਮੋਰਚਾ 82ਵੇਂ ਦਿਨ ‘ਚ ਅੱਪੜਿਐ। ਸ਼ਹਾਦਤਾਂ 228 ਕਿਸਾਨ ਪਾ ਗਏ ਹਨ। ਤੋਮਰ ਬਾਬੂ ਆਖਦੇ ਨੇ, ‘ਸਾਨੂੰ ਮੋਇਆਂ ਦਾ ਕੀ ਇਲਮ।’ ਪ੍ਰਧਾਨ ਮੰਤਰੀ ਨੂੰ ਸਭ ਪਤੈ.. ‘ਕਿਸਾਨ ਅੰਦੋਲਨ-ਜੀਵੀ..ਤੇ ਪਰਜੀਵੀ ਨੇ। ਸਦਨ ਦੀ ਰੂਹ ਮੱਥੇ ‘ਤੇ ਹੱਥ ਮਾਰ ਕੂਕੀ, ‘ਰੱਬਾ! ਆਹ ਦਿਨ ਵੀ ਵੇਖਣੇ ਸੀ। ਕਿਸਾਨ ਇੱਕੋ ਸੁਰ ਗੂੰਜੇ..’ਅਸੀਂ ਖੇਤਾਂ ਦੇ ਡਰਨੇ ਨਹੀਂ’। ਦੱਸੋ, ਹੁਣ ਕੌਣ ਆਖੂ! ਬੇਬੇ ਖਿਆਲ ਰੱਖੀਂ।

ਅੰਦੋਲਨ ਪਹੇ ‘ਚੋਂ ਨਿਕਲ, ਜਰਨੈਲੀ ਸੜਕ ਚੜ੍ਹਿਐ। ਬਜਟ ਸੈਸ਼ਨ ਨੇ ਬਰੇਕ ਲਈ ਐ। ਕੰਨ ਗੂੰਜਣੋਂ ਨਹੀਂ ਹਟ ਰਹੇ। ਬਹਿਨੋਂ ਔਰ ਭਾਈਓ! ‘ਫਾਈਵ ਟ੍ਰਿਲੀਅਨ ਇਕੌਨਮੀ’। ਦਸੌਂਧਾ ਸਿਓਂ ਪੁੱਛਦਾ ਫਿਰਦੈ, ਬੀਬਾ! ਟ੍ਰਿਲੀਅਨ ਕੀ ਬਲਾ ਐ। ਬੀਬੀ ਨਿਰਮਲਾ ਇੰਝ ਬੋਲੀ.. ਮੂਰਖ ਲਾਲ! ਬਲਾ ਨੂੰ ਛੱਡ, ਖੇਤੀ ਕਾਨੂੰਨਾਂ ਦੀ ਮੌਜ ਲੁੱਟ। ਪੌਣੇ ਅੱਠ ਕਰੋੜ ਖਰਚੇ ਨੇ ਭਲਾਈ ਪ੍ਰਚਾਰ ‘ਤੇ। ਅੰਦੋਲਨੀ ਸ਼ਹੀਦਾਂ ਲਈ ਮੁਆਵਜ਼ਾ ਕਿੱਥੇ? ‘ਅੰਨ੍ਹੇ ਨੂੰ ਨਜ਼ਰ ਨਾ ਆਵੇ ਤਾਂ ਖੰਭੇ ਦਾ ਕਾਹਦਾ ਕਸੂਰ।’ ਜਰਨੈਲ ਨੇ ਤਾਂ ਸਿਰਾ ਹੀ ਲਾਤਾ..ਏਹ ਕਿਸਾਨ ਪਰਜੀਵੀ ਨੇ। ਕੋਈ ਲਾਲਗੜ੍ਹ ਨੂੰ ‘ਚੰਦਾ-ਚੋਰ’ ਆਖ ਰਿਹੈ।

ਸਾਰਤਰ ਕੀ ਆਖਦੈ, ਉਹ ਸੁਣੋ..’ਸ਼ਬਦ ਤਾਂ ਕਾਰਤੂਸਾਂ ਨਾਲ ਭਰੇ ਪਿਸਤੌਲਾਂ ਵਰਗੇ ਹੁੰਦੇ ਨੇ।’ ਹਾਕਮ ਸ਼ਬਦਾਂ ਦੇ ਲਲਾਰੀ ਨੇ। ਅੰਦਾਜ਼-ਏ-ਮਾਵਾ ਵੀ ਚਾੜ੍ਹਦੇ ਨੇ। ਸੰਵਿਧਾਨ ਦੀ ਸਹੁੰ ਚੁੱਕ, ਸਦਨ ‘ਚ ਗੱਦੀ ਲਾ, ਲੱਛੇਦਾਰ ਪ੍ਰਵਚਨ ਸੁਣਾਉਂਦੇ ਨੇ। ਮੌਜੂਦਾ ਲੋਕ ਸਭਾ ‘ਤੇ ਵੀ ਇੱਕ ਝਾਤ; 267 ਐੱਮਪੀ ਸੰਸਦੀ ਪੌੜੀ ਪਹਿਲੀ ਵਾਰ ਚੜ੍ਹੇ ਨੇ, 230 ਐੱਮਪੀ ਦੂਜੀ ਵਾਰ। ਖੇਤੀ ਨਾਲ ਜੁੜੇ 38 ਫੀਸਦੀ ਐੱਮਪੀ ਨੇ। ਏਹ ਵੀ ਘੂਕ ਸੁੱਤੇ ਨੇ। ਕੋਈ ਤਾਂ ਆਖੇ! ਬੇਬੇ ਏਹਨਾਂ ਨੂੰ ਜਗਾ।

170 ਸਾਬਕਾ ਵਿਧਾਇਕ, ਹੁਣ ਸੰਸਦ ਮੈਂਬਰ ਨੇ। ਖ਼ਜ਼ਾਨੇ ‘ਚੋਂ ਡਬਲ ਗੱਫਾ ਮਿਲਦੈ। ਜਿਉਂ ਹੀ ਸੈਸ਼ਨ ਚੱਲਦੈ, ਫੈਸ਼ਨ ਸ਼ੁਰੂ ਹੁੰਦੈ, ਤੁਹਮਤਾਂ ਤੇ ਗਪੌੜਾਂ ਦਾ, ਭੰਨ੍ਹ-ਤੋੜ ਤੇ ਵਾਕ ਆਊਟ। ਸਦਨ ਦੀ ਆਤਮਾ ਨੂੰ ਮੂੰਹ ਲੁਕੋਣਾ ਪੈਂਦੈ। ਐਤਕੀਂ ਅੰਨਦਾਤਾ ‘ਤੇ ਵਿੰਨ੍ਹ-ਵਿੰਨ੍ਹ ਤੀਰ ਮਾਰੇ, ਲੋਕ ਰਾਜ ਦੇ ਮੰਦਰ ‘ਚੋਂ। ਖੇਤ ਛਲਣੀ ਹੋ ਗਏ, ਭਵਨ ਦਾ ਸੀਨਾ ਲੀਰੋ ਲੀਰ। ਸਦਨ ‘ਚ ‘ਜ਼ਿੱਦ ਤੇ ਹੱਠ’ ਨੇ ਕਿੱਕਲੀ ਪਾਈ, ਸੋਚਾਂ ਦੇ ਗਿਠਮੁਠੀਏ ਖਿੜ ਕੇ ਹੱਸੇ। ਭਲਾ ਹਾਸੇ ਕਿੰਨੇ ‘ਚ ਪਏ, ਆਓ ਤੈਰਵੀਂ ਨਜ਼ਰ ਮਾਰੀਏ। ਸੈਸ਼ਨ ਦਾ ਇੱਕ ਮਿੰਟ ਖ਼ਜ਼ਾਨੇ ਨੂੰ ਢਾਈ ਲੱਖ ‘ਚ ਪੈਂਦਾ ਹੈ। ਝੂਠ ਦਾ ਵਾਜਾ ਸਰਾਲ ਬਣਦੈ। ਗਾਜ਼ੀਪੁਰੀਏ ਖ਼ਜ਼ਾਨਾ ਭਰਦੇ ਮਰ ਜਾਂਦੇ ਨੇ।

ਅਜਬ ਤੇਰੀ ਨਗਰੀ। ਕਿਸਾਨ ਸੱਚ ਬੋਲਣ ਤਾਂ ਸਜ਼ਾ ਦਾ ਤੋਹਫ਼ਾ। ਨੇਤਾ ਨੂੰ ਇੱਥੇ ਝੂਠ ਬੋਲਣ ਦਾ ਵੀ ਪੈਸਾ ਮਿਲਦੈ, ਅਮਰੀਕਾ ‘ਚ ਪਤਾ ਨਹੀਂ। ‘ਟਰੰਪ ਰੋਜ਼ਾਨਾ 12 ਝੂਠ ਬੋਲਦੇ ਸਨ।’ ਆਪਣੇ ਪ੍ਰਧਾਨ ਮੰਤਰੀ? ਕੋਈ ਬੋਲਿਆ ਤਾਂ ਭਾਜਪਾਈ ਕਹਿਣਗੇ..ਏਹ ਕੌਮਾਂਤਰੀ ਸਾਜ਼ਿਸ਼ ਐ। ਅਰਨਬਪੁਰ ਚੀਕ ਉੱਠੇਗਾ। ਰਾਜ-ਭਾਗ ਦਾ ‘ਪੰਜ ਕਲਿਆਣੀ’ ਮੀਡੀਆ ਕਿਸਾਨਪੁਰਾ ‘ਤੇ ਟੁੱਟ ਪਏਗਾ। ਸਦਨ ‘ਚ ਹਾਸਾ ਨਹੀਂ ਟੁੱਟ ਰਿਹਾ। ਕੁਫ਼ਰ ਦਾ ਧੂੰਆਂ ਸਦਨ ਦੀਆਂ ਕੰਧਾਂ ‘ਤੇ ਜੰਮਿਐ। ਵਾਸ਼ਿੰਗ ਪਾਊਡਰ ਦੇ ਵੱਸ ਦਾ ਰੋਗ ਨਹੀਂ। ਤਾਹੀਓਂ ਹੁਣ ਨਵਾਂ ਸੰਸਦ ਭਵਨ ਬਣਨੈ। ਕੋਈ ਤਾਂ ਆਖੋ, ਬੇਬੇ! ਖਰਚ ਘਟਵਾ।

ਰਾਹੁਲ ਗਾਂਧੀ ਨੇ ਆਖਿਆ ‘ਹਮ ਦੋ ਹਮਾਰੇ ਦੋ’। ਨਰਿੰਦਰ ਮੋਦੀ ਤੇ ਅਮਿਤ ਸ਼ਾਹ ਸੁਣਦੇ ਰਹੇ। ਕਾਕੇ ਨੇ ਗੱਲ ਤਾਂ ਖ਼ਰੀ ਕੀਤੀ, ‘ਮਾਵਾਂ-ਧੀਆਂ ਮੇਲਣਾਂ, ਪਿਉ ਪੁੱਤ ਜਾਂਞੀ’। ਕਾਰਪੋਰੇਟ ਕੋਈ ਨਵੇਂ ਨਵੇਲੇ ਨਹੀਂ। ਪਹਿਲਾਂ ਟਾਟੇ ਬਿਰਲੇ, ਹੁਣ ਆਨੀ ਬਾਨੀ ਨੇ, ਹੁਕਮ ਤਾਂ ਕਰਨ..’ਤੈਨੂੰ ਤਾਪ ਚੜ੍ਹੇ, ਮੈਂ ਹੂੰਗਾਂ।’ ਭਾਜਪਾ ਕੋਲ 303 ਐੱਮਪੀ ਨੇ, ਰੱਬ ਚੇਤੇ ਨਹੀਂ। ਡਾ. ਜਗਤਾਰ ਚੇਤੇ ਆਏ ਨੇ.. ‘ਇੱਕ ਦਿਨ ਹਿਸਾਬ ਮੰਗਣਾ, ਲੋਕਾਂ ਨੇ ਏਸ ਲਹੂ ਦਾ/ਤਾਕਤ ‘ਚ ਮਸਤ ਦਿੱਲੀ, ਹਾਲੇ ਤਾਂ ਬੇਖ਼ਬਰ ਹੈ।’

ਮੋਦੀ ਜੀ ਤਾਂ ਫਕੀਰ ਨੇ, ਕਿਸਾਨ ਮਸਤ ਹਾਥੀ। ਯੱਕਾ ਰਕੇਸ਼ ਟਿਕੈਤ ਨੇ ਜੋੜਿਐ। ਨਾਲ ਪੰਜਾਬ ਵਾਲੇ ਬਿਠਾਏ ਨੇ। ਕਸਰ ਜਗਰਾਓਂ ਵਾਲੀ ਮਹਾਪੰਚਾਇਤ ਨੇ ਕੱਢ’ਤੀ। ਮੁਹੱਬਤਾਂ ਦੀਆਂ ਕੰਧਾਂ ਕਿਸਾਨ ਚਿਣ ਰਹੇ ਨੇ। ਹਕੂਮਤ ਵੱਟਾਂ ਪਾਉਣ ਲੱਗੀ ਹੈ। ਮੋਤੀਆ ਬਿੰਦ ਅੱਖਾਂ ‘ਚ ਉਤਰਿਐ। ਛੱਜੂ ਰਾਮ ਸੁਰਮਚੂ ਚੁੱਕੀ ਫਿਰਦੈ, ਕੋਲ ਮਮੀਰੇ ਵਾਲਾ ਸੁਰਮੈ। ‘ਲੋੜ ਨੰਗੇ ਨੂੰ ਵੀ ਕੱਤਣਾ ਸਿਖਾ ਦਿੰਦੀ ਹੈ।’ ਕਿਸਾਨ ਮੋਰਚੇ ਵਿੱਚ ਮੋਹ ਦੇ ਤੰਦ ਬੀਬੀਆਂ ਨੇ ਪਾਏ ਨੇ। ਨਿੱਕੇ ਹੁੰਦੇ ‘ਮਾਊਂ’ ਤੋਂ ਡਰਨ ਵਾਲੇ, ਹੁਣ ‘ਤੂਫਾਨ ਸਿੰਘ’ ਬਣੇ ਨੇ। ‘ਕਪਾਲ ਮੋਚਨ’ ਜਾਣ ਵਾਲੇ ਬਾਬਿਆਂ ਲਈ ਸਿੰਘੂ/ਟਿਕਰੀ ਹੁਣ ਤੀਰਥ ਬਣੇ ਨੇ। ਕੌਣ ਆਖੇ, ਬਾਬਿਓ! ਪੰਜਾਬ ਨੂੰ ਮੁੜੋ।

ਟਿਕੈਤ ਨੇ ਦੋ ਹੰਝੂ ਅਜਿਹੇ ਪਾਏ, ਅੰਦੋਲਨ ਦੀਆਂ ਲਗਰਾਂ ਪੱਕ ਕੇ ਬੂਟਾ ਬਣੀਆਂ ਨੇ। ਝੂਠ ਦੇ ਬਗੀਚੇ ‘ਚ ਵੀ ਇੱਕ ਫੁੱਲ ਖਿੜਿਐ। ਦੂਜੇ ਬੰਨੇ, ਵਰ੍ਹਿਆਂ ਮਗਰੋਂ ਪੰਜਾਬ ਦੀ ‘ਛੇਵੀਂ ਇੰਦਰੀ’ ਖੁੱਲ੍ਹੀ ਹੈ। ਨੰਦ ਲਾਲ ਨੂਰਪੁਰੀ ਦੇ ਬੋਲਾਂ ਨੂੰ ਮੌਜੂਦਾ ਸੰਦਰਭ ‘ਚ ਸੁਣਦੇ ਹਾਂ, ‘ਬੱਲੇ ਜੱਟਾ ਬੱਲੇ, ਕੱਲ੍ਹ ਕੌਡੀ ਨਹੀਂ ਸੀ ਪੱਲੇ, ਅੱਜ ਤੇਰਾ ਸਿੱਕਾ ਸਾਰੇ ਦੇਸ਼ ਵਿੱਚ ਚੱਲੇ।’ ਜਿਨ੍ਹਾਂ ਕੋਲ ਗੱਦੀ ਐ, ਉਨ੍ਹਾਂ ਕੋਲ ਚੰਮ ਦੇ ਸਿੱਕੇ ਨੇ। ਵਿੱਤ ਮੰਤਰੀ ਸੀਤਾਰਾਮਨ ਤਾਂ ਆਪਣੀ ਚਲਾ ਗਈ..ਅਖ਼ੇ, ‘ਸਰਕਾਰ ਬਾਰੇ ਝੂਠੇ ਬਿਰਤਾਂਤ ਨਾ ਸਿਰਜੋ।’

ਕਿਸਾਨ ਘੋਲ ਨੂੰ ਹੁਣ ਵਿਸ਼ਰਾਮ ਚਿੰਨ੍ਹ ਲੱਗਣਾ ਮੁਸ਼ਕਲ ਹੈ। ਹਕੂਮਤ ਨੇ ਬੂਹੇ ਭੇੜ ਲਏ ਨੇ। ‘ਰਾਜਾ ਕੀ ਜਾਣਾ, ਭੁੱਖੇ ਦੀ ਸਾਰ।’ ਭਾਜਪਾਈ ਧਨੰਤਰ ਵੀ ‘ਹਮ ਦੋ ਹਮਾਰੇ ਦੋ’ ਦੇ ਨੇੜੇ ਨਹੀਂਓ ਢੁੱਕਦੇ। ਅਖੀਰ ‘ਚ ਪੁਰਾਣੇ ਪੰਜਾਬ ਦੀ ਇੱਕ ਗੱਲ ਸੁਣੋ। ਜਦੋਂ ਪਹਿਲਾਂ ਪਿੰਡਾਂ ‘ਚ ਕੋਈ ਮੌਤ ਹੁੰਦੀ। ਕੀਰਨੇ ਪਿਆਰੋ ਮਰਾਸਣ ਪਾਉਂਦੀ। ਧੁਨ ‘ਚ ਗੁਆਚੀ ਪਿਆਰੋ, ਕੀਰਨੇ ਸਿਖ਼ਰ ‘ਤੇ ਲੈ ਜਾਂਦੀ, ਹੰਝੂਆਂ ਦੇ ਹੜ੍ਹ ਵਗਾਉਂਦੀ, ਤਾਂ ਵਿਚੋਂ ਕੋਈ ਬੀਬੀ ਮਰਾਸਣ ਨੂੰ ਟੋਕਦੀ.. ਨੀਂ ਬੇਬੇ! ਹੁਣ ਮੋੜਾ ਪਾ। ਸੋ ਹੁਣ ਕੌਣ ਦਿੱਲੀ ਨੂੰ ਆਖੇ, ਬਈ! ਮੋੜਾ ਪਾਓ।Source link