ਕਰੋਨਾ: ਯੂਕੇ ਨੇ ਯਾਤਰਾ ਨੇਮ ਸਖ਼ਤ ਕੀਤੇ

ਕਰੋਨਾ: ਯੂਕੇ ਨੇ ਯਾਤਰਾ ਨੇਮ ਸਖ਼ਤ ਕੀਤੇ


ਲੰਡਨ, 15 ਫਰਵਰੀ

ਯੂਕੇ ਵਿੱਚ ਕੋਵਿਡ-19 ਦੇ ਨਵੇਂ ਰੂਪ ਨੂੰ ਫੈਲਣ ਤੋਂ ਰੋਕਣ ਲਈ ਆਇਦ ਨਵੇਂ ਯਾਤਰਾ ਨੇਮ ਅੱਜ ਤੋਂ ਅਮਲ ਵਿੱਚ ਆ ਗਏ ਹਨ। ਨੇਮਾਂ ਤਹਿਤ ਇੰਗਲੈਂਡ ਪਰਤਣ ਵਾਲੇ ਕਿਸੇ ਵੀ ਸ਼ਖ਼ਸ ਨੂੰ ਲਾਜ਼ਮੀ ਹੋਟਲ ਵਿੱਚ ਇਕਾਂਤਵਾਸ ਕੀਤਾ ਜਾਵੇਗਾ। ਇੰਗਲੈਂਡ ਸਭ ਤੋਂ ਜੋਖ਼ਮ ਵਾਲੇ ‘ਲਾਲ ਸੂਚੀ’ ਵਾਲੇ 33 ਮੁਲਕਾਂ ‘ਚ ਸ਼ੁਮਾਰ ਹੈ। ਇਸ ਸੂਚੀ ਵਿੱਚ ਭਾਰਤ ਵੀ ਸ਼ਾਮਲ ਹੈ।

ਨੇਮਾਂ ਮੁਤਾਬਕ ਮੁਲਕ ਪਰਤਣ ਵਾਲਿਆਂ ਨੂੰ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੋਟਲਾਂ ਵਿੱਚ ਇਕਾਂਤਵਾਸ ਦੇ ਦਸ ਦਿਨ ਕੱਟਣ ਲਈ ਅਗਾਊਂ ਬੁਕਿੰਗ ਕਰਵਾਉਣੀ ਹੋਵੇਗੀ ਤੇ ਇਸ ਲਈ 1750 ਪੌਂਡ ਦੀ ਅਦਾਇਗੀ ਕਰਨੀ ਹੋਵੇਗੀ। ਇਸ ਵਿੱਚ ਹੋਟਲ ਦਾ ਕਿਰਾਇਆ, ਟਰਾਂਸਪੋਰਟ ਤੇ ਯੂਕੇ ਪੁੱਜਣ ‘ਤੇ ਹੋਣ ਵਾਲੇ ਦੋ ਵੱਖੋ-ਵੱਖਰੇ ਟੈਸਟਾਂ ਦਾ ਖਰਚਾ ਸ਼ਾਮਲ ਹੈ। ਇਨ੍ਹਾਂ ਨਵੇਂ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਦਸ ਸਾਲ ਜੇਲ੍ਹ ਤੇ 10 ਹਜ਼ਾਰ ਪੌਂਡ ਦਾ ਜੁਰਮਾਨਾ ਹੋ ਸਕਦਾ ਹੈ। ਯੂਕੇ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਕਿਹਾ, ਅੱਜ ਤੋਂ ਅਮਲ ਵਿੱਚ ਆਏ ਨੇਮ ਇਕਾਂਤਵਾਸ ਪ੍ਰਣਾਲੀ ਨੂੰ ਹੀ ਮਜ਼ਬੂਤ ਕਰਨਗੇ। -ਪੀਟੀਆਈ

ਆਸਟਰੇਲੀਆ ‘ਚ ਟੀਕਾਕਰਨ ਮੁਹਿੰਮ ਅਗਲੇ ਹਫ਼ਤੇ

ਕੈਨਬਰਾ: ਆਸਟਰੇਲੀਆ ‘ਚ ਕਰੋਨਾ-19 ਮਹਾਮਾਰੀ ਦੇ ਖ਼ਿਲਾਫ਼ ਟੀਕਾਕਰਨ ਦੀ ਮੁਹਿੰਮ ਅਗਲੇ ਹਫ਼ਤੇ ਤੋਂ ਸ਼ੁਰੂ ਹੋਵੇਗੀ। ਫ਼ਾਇਜ਼ਰ ਕੰਪਨੀ ਦੇ 1 ਲੱਖ 42 ਹਜ਼ਾਰ ਤੋਂ ਵੱਧ ਟੀਕੇ ਸੋਮਵਾਰ ਨੂੰ ਸਿਡਨੀ ਦੇ ਹਵਾਈ ਅੱਡੇ ਉੱਤੇ ਪੁੱਜੇ। ਇਸ ਮੁਹਿੰਮ ਦੇ ਤਹਿਤ 22 ਫਰਵਰੀ ਨੂੰ ਸਭ ਤੋਂ ਪਹਿਲਾਂ ਟੀਕੇ ਸਿਹਤ ਕਰਮਚਾਰੀਆਂ, ਬਜ਼ੁਰਗਾਂ ਤੇ ਇਕਾਂਤਵਾਸ ਕੀਤੇ ਕਾਰਕੁਨਾਂ ਨੂੰ ਲੱਗਣਗੇ । -ਏਪੀ



Source link