ਪੁਡੂਚੇਰੀ, 17 ਫਰਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਤਾ ਰਾਜੀਵ ਗਾਂਧੀ ਦੀ ਹੱਤਿਆ ਦਾ ਬਹੁਤ ਜ਼ਿਆਦਾ ਦੁੱਖ ਹੈ, ਪਰ ਉਨ੍ਹਾਂ ਕਾਤਲਾਂ ਨੂੰ ਮੁਆਫ਼ ਕਰ ਦਿੱਤਾ ਹੈ। ਕਾਂਗਰਸ ਸੰਸਦ ਮੈਂਬਰ ਗਾਂਧੀ ਇੱਥੇ ਸਰਕਾਰੀ ਮਹਿਲਾ ਕਾਲਜ ਵਿੱਚ ਵਿਦਿਆਰਥੀਆਂ ਦੇ ਰੂ-ਬ-ਰੂ ਹੋਣ ਲਈ ਪਹੁੰਚੇ ਸਨ। ਇੱਕ ਵਿਦਿਆਰਥੀ ਨੇ ਉਨ੍ਹਾਂ ਨੂੰ ਪੁੱਛਿਆ, ”ਲਿੱਟੇ ਨੇ ਤੁਹਾਡੇ ਪਿਤਾ ਦੀ ਹੱਤਿਆ ਕਰ ਦਿੱਤੀ ਸੀ। ਤੁਸੀਂ ਇਨ੍ਹਾਂ ਲੋਕਾਂ ਬਾਰੇ ਕੀ ਮਹਿਸੂਸ ਕਰਦੇ ਹੋ?” ਉਨ੍ਹਾਂ ਦਾ ਜਵਾਬ ਸੀ, ”ਹਿੰਸਾ ਸਵੀਕਾਰ ਨਹੀਂ ਕੀਤੀ ਜਾ ਸਕਦੀ। ਮੈਨੂੰ ਉਨ੍ਹਾਂ ਅਜਿਹੇ ਕਿਸੇ ਵਿਅਕਤੀ ਨਾਲ ਕੋਈ ਨਫ਼ਰਤ ਨਹੀਂ ਹੈ। ਮੈਨੂੰ ਆਪਣੇ ਪਿਤਾ ਦੇ ਗੁਆ ਦੇਣ ਦਾ ਅਫਸੋਸ ਹੈ। ਇਹ ਮੇਰੀ ਲਈ ਬਹੁਤ ਮੁਸ਼ਕਲ ਸਮਾਂ ਸੀ।” ਉਨ੍ਹਾਂ ਅੱਗੇ ਕਿਹਾ, ”ਮੈਨੂੰ ਆਪਣੇ ਪਿਤਾ ਦੇ ਗੁਆ ਦੇਣ ਦਾ ਬਹੁਤ ਜ਼ਿਆਦਾ ਦੁੱਖ ਹੈ, ਪਰ ਮੈਨੂੰ ਕਿਸੇ ਨਾਲ ਕੋਈ ਗੁੱਸਾ ਜਾਂ ਨਫ਼ਰਤ ਨਹੀਂ ਹੈ। ਮੈਂ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ।” ਜ਼ਿਕਰਯੋਗ ਹੈ ਕਿ ਲਿੱਟੇ ਵੱਲੋਂ ਚੇਨੱਈ ਵਿੱਚ 21 ਮਈ 1991 ਨੂੰ ਰਾਜੀਵ ਗਾਂਧੀ ਦੀ ਆਤਮਘਾਤੀ ਬੰਬ ਰਾਹੀਂ ਹੱਤਿਆ ਕਰ ਦਿੱਤੀ ਗਈ ਸੀ। -ਪੀਟੀਆਈ