ਟੂਲਕਿੱਟ ਕੇਸ: ਵਕੀਲ ਨਿਕਿਤਾ ਜੈਕਬ ਤੇ ਇੰਜਨੀਅਰ ਸ਼ਾਂਤਨੂੰ ਮੁਲਕ ਤੋਂ ਦਵਾਰਕਾ ਦਫ਼ਤਰ ’ਚ ਪੁੱਛਗਿੱਛ

ਟੂਲਕਿੱਟ ਕੇਸ: ਵਕੀਲ ਨਿਕਿਤਾ ਜੈਕਬ ਤੇ ਇੰਜਨੀਅਰ ਸ਼ਾਂਤਨੂੰ ਮੁਲਕ ਤੋਂ ਦਵਾਰਕਾ ਦਫ਼ਤਰ ’ਚ ਪੁੱਛਗਿੱਛ


ਨਵੀਂ ਦਿੱਲੀ, 22 ਫਰਵਰੀ

ਵਕੀਲ ਨਿਕਿਤਾ ਜੈਕਬ ਤੇ ਇੰਜਨੀਅਰ ਸ਼ਾਂਤਨੂੰ ਮੁਲਕ ਨੇ ਅੱਜ ‘ਟੂਲਕਿੱਟ’ ਕੇਸ ਨਾਲ ਜੁੜੀ ਜਾਂਚ ਵਿੱਚ ਸ਼ਾਮਲ ਹੁੰਦਿਆਂ ਦਿੱਲੀ ਪੁਲੀਸ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। ਦੋਵਾਂ ਤੋਂ ਦਿੱਲੀ ਪੁਲੀਸ ਦੇ ਸਾਈਬਰ ਸੈੱਲ ਦੇ ਦਵਾਰਕਾ ਸਥਿਤ ਦਫ਼ਤਰ ‘ਚ ਪੁੱਛ ਪੜਤਾਲ ਕੀਤੀ ਗਈ ਹੈ। ਉਧਰ ਇਸੇ ਮਾਮਲੇ ‘ਚ ਗ੍ਰਿਫ਼ਤਾਰ ਬੰਗਲੂਰੂ ਨਾਲ ਸਬੰਧਤ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਤਿੰਨ ਰੋਜ਼ਾ ਨਿਆਂਇਕ ਹਿਰਾਸਤ ਅੱਜ ਖ਼ਤਮ ਹੋਣ ਮਗਰੋਂ ਦਿੱਲੀ ਪੁਲੀਸ ਨੇ ਉਸ ਨੂੰ ਜੱਜ ਅੱਗੇ ਪੇਸ਼ ਕਰਕੇ ਪੰਜ ਦਿਨਾ ਰਿਮਾਂਡ ਮੰਗਿਆ, ਪਰ ਕੋਰਟ ਨੇ ਪੁਲੀਸ ਨੂੰ ਇਕ ਦਿਨਾ ਰਿਮਾਂਡ ਹੀ ਦਿੱਤਾ। ਦਿੱਲੀ ਪੁਲੀਸ ਨਿਕਿਤਾ ਤੇ ਸ਼ਾਂਤਨੂੰ ਨੂੰ ਦਿਸ਼ਾ ਰਵੀ ਦੇ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕਰ ਸਕਦੀ ਹੈ। ਉਂਜ ਜੈਕਬ ਤੇ ਮੁਲਕ ਨੂੰ ਦਿੱਲੀ ਪੁਲੀਸ ਹਾਲ ਦੀ ਘੜੀ ਗ੍ਰਿਫ਼ਤਾਰ ਨਹੀਂ ਕਰ ਸਕਦੀ ਕਿਉਂਕਿ ਦੋਵਾਂ ਕੋਲ ਬੰਬੇ ਹਾਈ ਕੋਰਟ ਵੱਲੋਂ ਦਿੱਤੇ ਟਰਾਂਜ਼ਿਟ ਪੇਸ਼ਗੀ ਜ਼ਮਾਨਤ ਹੈ। ਚੇਤੇ ਰਹੇ ਕਿ ਦਿਸ਼ਾ ਰਵੀ ਦੀ ਜ਼ਮਾਨਤ ਅਰਜ਼ੀ ‘ਤੇ ਭਲਕੇ ਮੰਗਲਵਾਰ ਨੂੰ ਫੈਸਲਾ ਸੁਣਾਇਆ ਜਾਣਾ ਹੈ। ਦਿੱਲੀ ਹਾਈ ਕੋਰਟ ਨੇ ਲੰਘੇ ਦਿਨੀਂ ਸੁਣਵਾਈ ਮੁਕੰਮਲ ਕਰਨ ਮਗਰੋਂ ਜ਼ਮਾਨਤ ਅਰਜ਼ੀ ‘ਤੇ ਫੈਸਲਾ ਰਾਖਵਾਂ ਰੱਖ ਲਿਆ ਸੀ। -ਪੀਟੀਆਈ



Source link