ਲੋਕ ਇਕੱਠੇ ਹੋਣ ਤਾਂ ਸਰਕਾਰਾਂ ਬਦਲ ਜਾਂਦੀਆਂ ਨੇ: ਟਿਕੈਤ

ਲੋਕ ਇਕੱਠੇ ਹੋਣ ਤਾਂ ਸਰਕਾਰਾਂ ਬਦਲ ਜਾਂਦੀਆਂ ਨੇ: ਟਿਕੈਤ


* ‘ਅੰਦੋਲਨ ਵੀ ਜਾਰੀ ਰਹੇਗਾ ਅਤੇ ਕਿਸਾਨ ਖੇਤਾਂ ‘ਚ ਵੀ ਕੰਮ ਕਰਨਗੇ’

* ਅੰਦੋਲਨ ਸਿਰਫ਼ ਕਿਸਾਨਾਂ ਦਾ ਨਹੀਂ ਸਗੋਂ ਸਾਰੇ ਵਰਗਾਂ ਦਾ ਕਰਾਰ

* ਚੜੂਨੀ ਨੇ ਭਾਜਪਾ ਅਤੇ ਜੇਜੇਪੀ ਆਗੂਆਂ ਦੇ ਬਾਈਕਾਟ ਦਾ ਦਿੱਤਾ ਸੱਦਾ

ਆਤਿਸ਼ ਗੁਪਤਾ/ਮਨਧੀਰ ਸਿੰਘ ਦਿਓਲ

ਚੰਡੀਗੜ੍ਹ, 22 ਫਰਵਰੀ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜਦੋਂ ਲੋਕ ਇਕੱਠੇ ਹੁੰਦੇ ਹਨ ਤਾਂ ਕਾਨੂੰਨ ਹੀ ਨਹੀਂ ਸਗੋਂ ਸਰਕਾਰਾਂ ਵੀ ਬਦਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਹਾਲੇ ਤਾਂ ਦੇਸ਼ ਦਾ ਕਿਸਾਨ ਕਾਨੂੰਨ ਵਾਪਸੀ ਦੀ ਗੱਲ ਕਰ ਰਿਹਾ ਹੈ ਪਰ ਜੇਕਰ ਸੱਤਾ ਵਾਪਸੀ ਦੀ ਗੱਲ ਕਰਨ ਲੱਗ ਪਿਆ ਤਾਂ ਕੇਂਦਰ ਸਰਕਾਰ ਲਈ ਮੁਸ਼ਕਲ ਖੜ੍ਹੀ ਹੋ ਜਾਵੇਗੀ। ਸੋਨੀਪਤ ਦੇ ਖਰਖੌਦਾ ਵਿੱਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੰਗਾਂ ਮੰਨੇ ਜਾਣ ਮਗਰੋਂ ਹੀ ਕਿਸਾਨਾਂ ਦੀ ਘਰ ਵਾਪਸੀ ਹੋਵੇਗੀ। ਮਹਾਪੰਚਾਇਤ ‘ਚ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ, ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਇਕ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਸਿਰਫ਼ ਭੀੜ ਇਕੱਠੀ ਕਰਨ ਨਾਲ ਹੀ ਕਾਨੂੰਨ ਵਾਪਸ ਨਹੀਂ ਹੁੰਦੇ ਹਨ। ਸ੍ਰੀ ਟਿਕੈਤ ਨੇ ਤੋਮਰ ਦੇ ਬਿਆਨ ‘ਤੇ ਪਲਟਵਾਰ ਕਰਦਿਆਂ ਕਿਹਾ,”ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਕਿਸਾਨ ਆਪਣੀ ਫ਼ਸਲ ਨਸ਼ਟ ਕਰ ਸਕਦੇ ਹਨ ਤਾਂ ਉਨ੍ਹਾਂ ਅੱਗੇ ਤੁਸੀਂ ਕੁਝ ਵੀ ਨਹੀਂ ਹੋ।” ਉਨ੍ਹਾਂ ਕਿਹਾ ਕਿ ਅੰਦੋਲਨ ਵੀ ਜਾਰੀ ਰਹੇਗਾ ਅਤੇ ਕਿਸਾਨ ਆਪਣੇ ਖੇਤਾਂ ‘ਚ ਵੀ ਕੰਮ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਹਾਕਮਾਂ ਦੀ ਅਕਲ ਭ੍ਰਿਸ਼ਟ ਹੋ ਗਈ ਹੈ ਅਤੇ ਉਨ੍ਹਾਂ ‘ਚ ਹੰਕਾਰ ਆ ਗਿਆ ਹੈ। ਸਟੇਜ ਤੋਂ ਕਿਸਾਨਾਂ ਨੂੰ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਟਿਕੈਤ ਨੇ ਕਿਹਾ ਕਿ ਕਿਸੇ ਵੀ ਸਮੇਂ ਮੋਰਚੇ ਤੋਂ ਫੋਨ ਆ ਸਕਦਾ ਹੈ, ਜਿਸ ਤੋਂ ਬਾਅਦ 40 ਲੱਖ ਟਰੈਕਟਰਾਂ ਵਾਲੇ ਕਿਸਾਨ ਦਿੱਲੀ ਵਿੱਚ ਦਾਖ਼ਲ ਹੋਣਗੇ। ਉਨ੍ਹਾਂ ਇਹ ਵੀ ਕਿਹਾ ਇਸ ਵਾਰ ਹਲ ਦੀ ਕ੍ਰਾਂਤੀ ਹੋਵੇਗੀ ਜਿਸ ਲਈ ਖੇਤ ਵਿੱਚ ਵਰਤੇ ਜਾਣ ਵਾਲੇ ਸਾਰੇ ਸੰਦਾਂ ਨਾਲ ਕਿਸਾਨ ਦਿੱਲੀ ਵਿੱਚ ਦਾਖ਼ਲ ਹੋਣਗੇ। ਸ੍ਰੀ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਹੀ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਕਦੇ ਇਕ ਸੂਬੇ ਅਤੇ ਕਦੇ ਇਕ ਧਰਮ ਜਾਂ ਜਾਤੀ ਦਾ ਅੰਦੋਲਨ ਦੱਸਿਆ ਜਾ ਰਿਹਾ ਹੈ। ‘ਇਹ ਅੰਦੋਲਨ ਸਿਰਫ਼ ਕਿਸਾਨਾਂ ਦਾ ਨਹੀਂ ਗਰੀਬਾਂ, ਦਿਹਾੜੀਦਾਰਾਂ ਅਤੇ ਹਰ ਤਬਕੇ ਦੇ ਲੋਕਾਂ ਦਾ ਹੈ। ਜੇਕਰ ਹੁਣ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਨਾ ਕੀਤਾ ਗਿਆ ਤਾਂ ਹੋਰ ਵੀ ਲੋਕ ਵਿਰੋਧੀ ਕਾਨੂੰਨ ਆਉਣਗੇ ਜੋ ਹਰ ਖੇਤਰ ਨੂੰ ਪ੍ਰਭਾਵਿਤ ਕਰਨਗੇ।’ ਉਨ੍ਹਾਂ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਦੀ ਨਿੰਦਾ ਕੀਤੀ ਹੈ।

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਖਰਖੌਦਾ ਪਿੰਡ ਵਿੱਚ
ਮਹਾਪੰਚਾਇਤ ਮੌਕੇ ਹਾਜ਼ਰ ਬੀਬੀਆਂ।

ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨੋਂ ਖੇਤੀ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ,”ਦੇਸ਼ ਦੇ ਕਿਸਾਨ ਤਿੰਨੋਂ ਖੇਤੀ ਕਾਨੂੰਨ ਰੱਦ ਹੋਣ ਅਤੇ ਐੱਮਐੱਸਪੀ ‘ਤੇ ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਵਾਲਾ ਕਾਨੂੰਨ ਆਉਣ ਤੱਕ ਵਾਪਸ ਮੁੜਨ ਵਾਲੇ ਨਹੀਂ ਹਨ।” ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੀ ਅਗਵਾਈ 40 ਕਿਸਾਨ ਜਥੇਬੰਦੀਆਂ ਦੇ ਆਗੂ ਕਰ ਰਹੇ ਹਨ, ਜਿਨ੍ਹਾਂ ਨਾਲ ਕੇਂਦਰ ਸਰਕਾਰ ਨੂੰ ਗੱਲਬਾਤ ਕਰਨੀ ਹੀ ਪਵੇਗੀ।

ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਕਈ ਤਰ੍ਹਾਂ ਦੇ ਪੈਂਤੜੇ ਵਰਤ ਰਹੀ ਹੈ। ‘ਜਦੋਂ ਉਹ ਆਪਣੀਆਂ ਚਾਲਾਂ ਵਿੱਚ ਕਾਮਯਾਬ ਨਾ ਹੋ ਸਕੇ ਤਾਂ ਕਿਸਾਨ ਆਗੂਆਂ ‘ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ।’ ਉਨ੍ਹਾਂ ਕਿਹਾ ਕਿ ਉਹ ਬਿਨਾਂ ਕਿਸੇ ਡਰ ਦੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣਗੇ। ਕਿਸਾਨ ਆਗੂ ਨੇ ਕਿਹਾ ਕਿ ਦੇਸ਼ ਦਾ ਕਿਸਾਨ ਤਿੰਨੋਂ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਸੰਘਰਸ਼ ਕਰ ਰਿਹਾ ਹੈ ਅਤੇ ਕਾਨੂੰਨ ਰੱਦ ਕਰਵਾਏ ਬਿਨਾਂ ਉਹ ਪਿੱਛੇ ਹਟਣ ਵਾਲਾ ਨਹੀਂ ਹੈ। ਮਹਾਪੰਚਾਇਤ ਦੌਰਾਨ ਵੱਡੀ ਗਿਣਤੀ ਮਹਿਲਾਵਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਵੀ ਸ਼ਮੂਲੀਅਤ ਕੀਤੀ।

ਦਲਾਲ ਖ਼ਿਲਾਫ਼ ਭਿਵਾਨੀ ਵਿੱਚ ਮਹਾਪੰਚਾਇਤ ਅੱਜ

ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ ਪੀ ਦਲਾਲ ਖ਼ਿਲਾਫ਼ ਭਿਵਾਨੀ ਵਿੱਚ ਭਲਕੇ ਕਿਸਾਨ ਮਹਾਪੰਚਾਇਤ ਕੀਤੀ ਜਾ ਰਹੀ ਹੈ। ਇਸ ਮੌਕੇ ਸੂਬੇ ਦੀਆਂ ਵੱਡੀ ਗਿਣਤੀ ਖਾਪ ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਦਲਾਲ ਨੂੰ ਬਰਖਾਸਤ ਕਰਨ ਦਾ ਮਤਾ ਵੀ ਪੇਸ਼ ਕੀਤਾ ਜਾਵੇਗਾ।

‘ਕਿਸਾਨ ਸੰਘਰਸ਼ ਧਰਮ ਯੁੱਧ ਬਣ ਚੁੱਕਿਐ’

ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਹੋਇਆ ਕਿਸਾਨ ਸੰਘਰਸ਼ ਅੱਜ ਧਰਮ ਯੁੱਧ ਬਣ ਚੁੱਕਿਆ ਹੈ ਜਿਸ ਵਿੱਚ ਹਰ ਕਿਸੇ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ,”ਕਿਸਾਨ ਅੰਦੋਲਨ ਵਿੱਚ ਦੇਸ਼ ਭਰ ਤੋਂ ਲੋਕ ਹਿੱਸਾ ਲੈ ਰਹੇ ਹਨ ਪਰ ਹੰਕਾਰੀ ਹੋਈ ਕੇਂਦਰ ਸਰਕਾਰ ਨੂੰ ਲੋਕਾਂ ਦੇ ਇਕੱਠ ਵਿਖਾਈ ਨਹੀਂ ਦੇ ਰਹੇ ਹਨ।” ਉਨ੍ਹਾਂ ਲੋਕਾਂ ਨੂੰ ਭਾਜਪਾ ਅਤੇ ਜੇਜੇਪੀ ਦੇ ਆਗੂਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਿਆ ਕਿਹਾ ਕਿ ਜੇਕਰ ਪਿੰਡਾਂ ਵਿੱਚ ਕੋਈ ਭਾਜਪਾ ਆਗੂ ਸਮਾਗਮ ਕਰਦਾ ਹੈ ਤਾਂ ਉਸ ਦਾ ਵਿਰੋਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਧਰਮ ਯੁੱਧ ਵਿੱਚ ਸ਼ਾਮਲ ਨਾ ਹੋਣ ਵਾਲੇ ਰਾਜਨੇਤਾਵਾਂ ਨੂੰ ਵੀ ਚੋਣਾਂ ਦੌਰਾਨ ਵੋਟਾਂ ਨਾ ਦਿੱਤੀਆਂ ਜਾਣ।

ਅੱਜ ਮਨਾਇਆ ਜਾਵੇਗਾ ‘ਪੱਗੜੀ ਸੰਭਾਲ’ ਦਿਵਸ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਚੁਫੇਰੇ ਚੱਲ ਰਹੇ ਅੰਦੋਲਨ ਨੂੰ ਠਰ੍ਹੰਮੇ ਨਾਲ ਹੋਰ ਭਖਾਈ ਰੱਖਣ ਦੇ ਮਕਸਦ ਨਾਲ ਕਿਸਾਨਾਂ ਵੱਲੋਂ 23 ਫਰਵਰੀ ਨੂੰ ‘ਪੱਗੜੀ ਸੰਭਾਲ’ ਦਿਵਸ ਮਨਾਇਆ ਜਾਵੇਗਾ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੱਲੋਂ ਅੰਗਰੇਜ਼ਾਂ ਖ਼ਿਲਾਫ਼ ‘ਪੱਗੜੀ ਸੰਭਾਲ ਜੱਟਾ’ ਲਹਿਰ ਸ਼ੁਰੂ ਕੀਤੀ ਗਈ ਸੀ ਜੋ 9 ਮਹੀਨੇ ਤੱਕ ਚੱਲੀ ਸੀ ਅਤੇ ਉਨ੍ਹਾਂ ਦੇ ਭਲਕੇ ਜਨਮ ਦਿਵਸ ਮੌਕੇ ਇਸ ਲਹਿਰ ਨੂੰ ਕਿਸਾਨੀ ਸੰਘਰਸ਼ ਦੇ ਰੂਪ ‘ਚ ਮਨਾਇਆ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੁਰੂ ਕੀਤੇ ਹੋਏ ਅੰਦੋਲਨ ਨੂੰ 26 ਫਰਵਰੀ ਨੂੰ ਤਿੰਨ ਮਹੀਨੇ ਹੋ ਜਾਣਗੇ ਅਤੇ ਕਿਸਾਨ ਆਗੂਆਂ ਨੂੰ ਖ਼ਦਸ਼ਾ ਹੈ ਕਿ ਤਿੰਨਾਂ ਖੇਤੀ ਕਾਨੂੰਨਾਂ, ਫਸਲਾਂ ਦੀ ਘੱਟੋ-ਘੱਟ ਕੀਮਤ ‘ਤੇ ਖ਼ਰੀਦ ਗਾਰੰਟੀ ਕਾਨੂੰਨ ਅਤੇ ਪਰਾਲੀ ਐਕਟ ਵਿੱਚੋਂ ਕਿਸਾਨਾਂ ਨੂੰ ਖ਼ਤਰਨਾਕ ਧਾਰਾਵਾਂ ਵਿੱਚੋਂ ਬਾਹਰ ਕੱਢਣ ਦੀ ਮੰਗ ਨੂੰ ਲੈ ਕੇ ਲਾਏ ਗਏ ਮੋਰਚੇ ਲੰਬੇ ਖਿੱਚ ਸਕਦੇ ਹਨ। ਮੋਰਚੇ ਦੀ ਮੁੱਖ ਕਮੇਟੀ ਦੇ ਮੈਂਬਰ ਡਾ. ਦਰਸ਼ਨਪਾਲ ਨੇ ਕਿਹਾ ਕਿ ‘ਪੱਗੜੀ ਸੰਭਾਲ’ ਪ੍ਰੋਗਰਾਮ ਦਾ ਮਕਸਦ ਕਿਸਾਨਾਂ ਦੀ ਪੱਗ ਨੂੰ ਕੇਂਦਰ ਸਰਕਾਰ ਵੱਲੋਂ ਤਿੰਨਾਂ ਕਾਨੂੰਨਾਂ ਰਾਹੀਂ ਹੱਥ ਪਾਉਣ ਅਤੇ ਕਿਸਾਨਾਂ ਨੂੰ ਕਾਰਪੋਰੇਟਾਂ ਦੇ ਰਹਿਮੋ-ਕਰਮ ਉਪਰ ਛੱਡ ਦੇਣ ਦੀ ਨੀਤੀ ਖ਼ਿਲਾਫ਼ ਸ਼ਾਂਤਮਈ ਪ੍ਰਦਰਸ਼ਨ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਾਂਤਮਈ ਅੰਦੋਲਨਾਂ ਦੀ ਧਾਰ ਨਾਲ ਹੀ ਕੌਮਾਂਤਰੀ ਪੱਧਰ ਦੇ ਘੋਲ ਲੜੇ ਅਤੇ ਜਿੱਤੇ ਗਏ ਹਨ। ਡਾ. ਦਰਸ਼ਨਪਾਲ ਮੁਤਾਬਕ ਸ੍ਰੀ ਅਜੀਤ ਸਿੰਘ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਅੰਗਰੇਜ਼ਾਂ ਨਾਲ ਘੋਲ ਲੜਿਆ ਸੀ। ਉਨ੍ਹਾਂ ਦੱਸਿਆ ਕਿ ਭਲਕੇ ਹੀ ਮੋਰਚੇ ਵੱਲੋਂ ਸਵਾਮੀ ਸਹਿਜਾਨੰਦ ਸਰਸਵਤੀ ਨੂੰ ਯਾਦ ਕੀਤਾ ਜਾਵੇਗਾ ਅਤੇ ਕਿਸਾਨ ਆਪਣੇ ਆਤਮ ਸਨਮਾਨ ਦਾ ਪ੍ਰਗਟਾਵਾ ਕਰਨ ਲਈ ਆਪਣੇ ਖੇਤਰ ਦੀਆਂ ਰਵਾਇਤੀ ਪੱਗਾਂ ਸਿਰਾਂ ਉਪਰ ਸਜਾਉਣਗੇ। ਜ਼ਿਕਰਯੋਗ ਹੈ ਕਿ ਸਵਾਮੀ ਸਹਿਜਾਨੰਦ ਸਰਸਵਤੀ ਦਾ ਜਨਮ 22 ਫਰਵਰੀ 1889 ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਪਿੰਡ ਦੇਵਾ (ਨੇੜੇ ਦੱਲ੍ਹਪੁਰ) ਵਿਖੇ ਹੋਇਆ ਸੀ। ਬੁੱਧੀਜੀਵੀ, ਸਮਾਜ ਸੁਧਾਰਕ, ਲੇਖਕ ਅਤੇ ਉੱਘੇ ਕ੍ਰਾਂਤੀਕਾਰੀ ਸਹਿਜਾਨੰਦ ਸਰਸਵਤੀ ਨੇ ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਦਾ ਦੇਹਾਂਤ 26 ਜੂਨ 1950 ਨੂੰ ਹੋਇਆ ਸੀ।



Source link