ਕੋਲਕਾਤਾ: ਤ੍ਰਿਣਮੂਲ ਕਾਂਗਰਸ ਦੀ ਮੁਖੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਸੂਬੇ ‘ਚ ਅੱਠ ਪੜਾਵੀ ਚੋਣ ਪ੍ਰੋਗਰਾਮ ਐਲਾਨ ਕੇ ਵਿਖਾਈ ‘ਚੁਸਤ ਚਲਾਕੀ’ ਦੇ ਬਾਵਜੂਦ ਚੋਣਾਂ ਜਿੱਤੇਗੀ। ਮਮਤਾ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਦਾ ਪੂਰਾ ਸਤਿਕਾਰ ਕਰਦੀ ਹੈ, ਪਰ ਪੱਛਮੀ ਬੰਗਾਲ ‘ਚ ਇੰਨੇ ਗੇੜਾਂ ਵਿੱਚ ਚੋਣਾਂ ਕਰਵਾਉਣ ਨੂੰ ਲੈ ਕੇ ਸਵਾਲ ਉੱਠ ਰਹੇ ਹਨ, ਜਦੋਂ ਕਿ ਹੋਰਨਾਂ ਰਾਜਾਂ ‘ਚ ਇਕ ਗੇੜ ‘ਚ ਵੋਟਾਂ ਪੈਣਗੀਆਂ। ਟੀਐੱਮਸੀ ਸੁਪਰੀਮੋ ਨੇ ਕਿਹਾ ਕਿ ਜੇ ਚੋਣ ਕਮਿਸ਼ਨ ਹੀ ਨਿਆਂ ਨਹੀਂ ਦੇਵੇਗਾ ਤਾਂ ਲੋਕ ਕਿੱਥੇ ਜਾਣਗੇ। ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆ ਮਮਤਾ ਨੇ ਕਿਹਾ, ‘ਮੈਨੂੰ ਮੇਰੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚੋਣ ਤਰੀਕਾਂ ਭਾਜਪਾ ਮੁਤਾਬਕ ਤਿਆਰ ਕੀਤੀਆਂ ਗਈਆਂ ਹਨ। ਕੀ ਚੋਣ ਤਰੀਕਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿਫਾਰਿਸ਼ ‘ਤੇ ਐਲਾਨੀਆਂ ਜਾਂਦੀਆਂ ਹਨ।’ ਉਧਰ ਕੁਝ ਹੋਰਨਾਂ ਵਿਰੋਧੀ ਪਾਰਟੀਆਂ ਨੇ ਵੀ ਪੱਛਮੀ ਬੰਗਾਲ ‘ਚ ਅੱਠ ਗੇੜਾਂ ਵਿੱਚ ਚੋਣਾਂ ਕਰਵਾਉਣ ਦੀ ਲੋੜ ‘ਤੇ ਉਜਰ ਜਤਾਇਆ ਹੈ। ਉਧਰ ਭਾਜਪਾ ਦੇ ਕੌਮੀ ਸਕੱਤਰ ਕੈਲਾਸ਼ ਵਿਜੈਵਰਗੀਆ ਨੇ ਚੋਣ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼ਾਂਤੀਪੂਰਵਕ ਚੋਣਾਂ ਲਈ ਗੈਰ-ਸਮਾਜੀ ਅਨਸਰਾਂ ਨੂੰ ਕੰਟਰੋਲ ਕਰਨ ਦੀ ਲੋੜ ਸੀ। -ਪੀਟੀਆਈ