ਹੁਣ ਮੰਤਰੀ ਸਾਬ੍ਹ ਕੀ ਕਰਨ: ਪੰਜਾਬ ਸਿਹਤ ਵਿਭਾਗ ਦੀ ਰਿਪੋਰਟ ’ਚ ਰੰਧਾਵਾ ਕਰੋਨਾ ਪਾਜ਼ੇਟਿਵ ਤੇ ਪੀਜੀਆਈ ਦੀ ਰਿਪੋਰਟ ’ਚ ਨੈਗੇਟਿਵ


ਚੰਡੀਗੜ੍ਹ, 28 ਫਰਵਰੀ

ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬੜੀ ਅਜੀਬ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਰਾਜ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਸਾਰੇ ਵਿਧਾਇਕਾਂ ਤੇ ਮੰਤਰੀਆਂ ਦੇ ਕਰੋਨਾ ਟੈਸਟ ਲਾਜ਼ਮੀ ਕਰਨ ਬਾਅਦ ਰਾਜ ਦੇ ਸਿਹਤ ਵਿਭਾਗ ਵੱਲੋਂ 25 ਫਰਵਰੀ ਨੂੰ ਉਨ੍ਹਾਂ ਦਾ ਕਰੋਨਾ ਟੈਸਟ ਕੀਤਾ ਗਿਆ। ਰਿਪੋਰਟ ਆਉਣ ਤੋਂ ਪਹਿਲਾਂ ਹੀ ਮੰਤਰੀ ਨੇ 27 ਫਰਵਰੀ ਨੂੰ ਪ੍ਰਾਈਵੇਟ ਲੈਬ ਤੋਂ ਟੈਸਟ ਕਰਵਾ ਲਿਆ। ਸ਼ਨਿਚਰਵਾਰ ਨੂੰ ਆਈ ਰਿਪੋਰਟ ਵਿੱਚ ਸਿਹਤ ਵਿਭਾਗ ਨੇ ਉਨ੍ਹਾਂ ਨੂੰ ਪਾਜ਼ੇਟਿਵ, ਜਦ ਕਿ ਪ੍ਰਾਈਵੇਟ ਲੈਬ ਦੀ ਰਿਪੋਰਟ ਵਿੱਚ ਨੈਗੇਟਿਵ ਨਤੀਜਾ ਕੱਢਿਆ ਗਿਆ। ਇਸ ਤੋਂ ਬਾਅਦ ਮੰਤਰੀ ਸ਼ਨਿਚਰਵਾਰ ਸ਼ਾਮ ਪੀਜੀਆਈ ਚੰਡੀਗੜ੍ਹ ਗਏ ਤੇ ਉਥੇ ਟੈਸਟ ਕਰਵਾਇਆ ਜਿਸ ਦਾ ਨਤੀਜਾ ਨੈਗੇਟਿਵ ਆਇਆ। ਸ੍ਰੀ ਰੰਧਾਵਾ ਨੇ ਕਿਹਾ ਕਿ ਸਿਹਤ ਅਧਿਕਾਰੀਆਂ ਵੱਲੋਂ ਕਰਵਾਏ ਗਏ ਟੈਸਟ ਦੀ ਰਿਪੋਰਟ ਤੋਂ ਉਹ ਹੈਰਾਨ ਹਨ, ਜਦ ਕਿ ਦੋ ਹੋਰ ਟੈਸਟ ਨੈਗੇਟਿਵ ਆਏ ਹਨ। ਉਨ੍ਹਾਂ ਨੇ ਆਪਣੀਆਂ ਰਿਪੋਰਟਾਂ ਰਾਜ ਦੇ ਸਿਹਤ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਸਾਂਝੀਆਂ ਕੀਤੀਆਂ ਹਨ। ਅੱਜ ਸਵੇਰ ਤੱਕ ਕੋਈ ਵੀ ਉਨ੍ਹਾਂ ਕੋਲ ਮੁੜ ਟੈਸਟ ਲਈ ਨਹੀਂ ਆਇਆ। ਇੱਥੋਂ ਤਕ ਕਿ ਸਿਵਲ ਸਰਜਨ ਵੀ ਨਹੀਂ ਆਇਆ। ਇਹ ਪੁੱਛੇ ਜਾਣ ‘ਤੇ ਕੀ ਉਹ ਵਿਧਾਨ ਸਭਾ ਸੈਸ਼ਨ’ ਚ ਸ਼ਾਮਲ ਹੋਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਇਜਾਜ਼ਤ ਦਿੱਤੀ ਤਾਂ ਜਾਣਗੇ।



Source link