ਟਿਕਰੀ ਹੱਦ ’ਤੇ ਸਿੰਗਾਪੁਰ ਦੇ ਬਾਗ਼ੀ ਯੋਧਿਆਂ ਨੂੰ ਯਾਦ ਕੀਤਾ

ਟਿਕਰੀ ਹੱਦ ’ਤੇ ਸਿੰਗਾਪੁਰ ਦੇ ਬਾਗ਼ੀ ਯੋਧਿਆਂ ਨੂੰ ਯਾਦ ਕੀਤਾ
ਟਿਕਰੀ ਹੱਦ ’ਤੇ ਸਿੰਗਾਪੁਰ ਦੇ ਬਾਗ਼ੀ ਯੋਧਿਆਂ ਨੂੰ ਯਾਦ ਕੀਤਾ


ਪੱਤਰ ਪ੍ਰੇਰਕ

ਨਵੀਂ ਦਿੱਲੀ, 28 ਫਰਵਰੀ

ਟਿਕਰੀ ਹੱਦ ‘ਤੇ ਅੱਜ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਕਰਨ ਵਾਲੇ ਸਿੰਗਾਪੁਰ ਦੇ ਬਾਗ਼ੀ ਯੋਧਿਆਂ ਨੂੰ ਯਾਦ ਕੀਤਾ ਗਿਆ। ਉਗਰਾਹਾਂ ਧੜੇ ਦੀ ਮਹਿਲਾ ਸੂਬਾਈ ਆਗੂ ਹਰਿੰਦਰ ਕੌਰ ਬਿੰਦੂ ਨੇ 28 ਫਰਵਰੀ, 1915 ਨੂੰ ਦੇਸ਼ ਦੀ ਆਜ਼ਾਦੀ ਲਈ ਗ਼ਦਰ ਲਹਿਰ ਵਿੱਚ ਕੁੱਦੇ ਤੇ ਫ਼ੌਜੀ ਛਾਉਣੀ ‘ਚ ਬਗ਼ਾਵਤ ਕਰਨ ਵਾਲੇ 41 ਬਾਗ਼ੀਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਣ ਤੇ ਮੌਜੂਦਾ ਘੋਲ ਦੀ ਸਫ਼ਲਤਾ ਲਈ ਸੰਘਰਸ਼ ‘ਚ ਔਰਤਾਂ ਤੇ ਮਜ਼ਦੂਰਾਂ ਦੀ ਸ਼ਮੂਲੀਅਤ ਨੂੰ ਹੋਰ ਵਧਾਉਣ ਦਾ ਸੱਦਾ ਦਿੱਤਾ।

ਬੀਕੇਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅੰਗਰੇਜ਼ ਹਕੂਮਤ ਖ਼ਿਲਾਫ਼ ਸੰਘਰਸ਼ ਦੌਰਾਨ ਅਨੇਕਾਂ ਯੋਧਿਆਂ ਵੱਲੋਂ ਕੀਤੀਆਂ ਕੁਰਬਾਨੀਆਂ ਸਦਕਾ ਅੰਗਰੇਜ਼ਾਂ ਨੂੰ ਭਾਵੇਂ ਪਰਦੇ ਪਿੱਛੇ ਹੋਣ ਦਾ ਕੌੜਾ ਅੱਕ ਚੱਬਣਾ ਪਿਆ ਪਰ ਅੱਜ ਵੀ ਕਈ ਸਾਮਰਾਜੀ ਮੁਲਕ ਆਪਣੇ ਦਲਾਲ ਹਾਕਮਾਂ ਰਾਹੀਂ ਉਹੀ ਨੀਤੀਆਂ ਸਾਡੇ ‘ਤੇ ਮੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਖੇਤੀ ਕਾਨੂੰਨ ਵੀ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਹਾਕਮਾਂ ਦੇ ਪਦ ਚਿੰਨ੍ਹਾਂ ‘ਤੇ ਚੱਲਦਿਆਂ ਮੋਦੀ ਸਰਕਾਰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲਿਆਂ ‘ਤੇ ਅਣਮਨੁੱਖੀ ਜਬਰ ਢਾਹ ਰਹੀ ਹੈ ਤੇ ਜੇਲ੍ਹਾਂ ਵਿੱਚ ਡੱਕ ਰਹੀ ਹੈ। ਉਨ੍ਹਾਂ ਜੇਲ ਵਿੱਚ ਬੰਦ ਸ਼ਿਵ ਕੁਮਾਰ ਸਮੇਤ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ।

ਸ੍ਰੀ ਉਗਰਾਹਾਂ ਨੇ ਕਿਹਾ ਕਿ ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਮਜ਼ਦੂਰਾਂ ਤੇ ਸਮਾਜਿਕ ਇਨਸਾਫ਼ ਲਈ ਸੰਘਰਸ਼ ਕਰਨ ਵਾਲੀਆਂ ਸੌ ਤੋਂ ਵੱਧ ਜਥੇਬੰਦੀਆਂ ਵੱਲੋਂ ਅਖ਼ਬਾਰ ਵਿੱਚ ਇਸ਼ਤਿਹਾਰ ਦੇ ਕੇ ਕਿਸਾਨਾਂ ਦੀ ਕੌਮਾਂਤਰੀ ਹਮਾਇਤ ਕਰਨਾ ਕਿਸਾਨ ਅੰਦੋਲਨ ਦੇ ਜਿੱਤ ਵੱਲ ਵਧਦੇ ਕਦਮਾਂ ਦਾ ਨਮੂਨਾ ਹੈ। ਉੱਤਰ ਪ੍ਰਦੇਸ਼ ਤੋਂ ਰਾਮਾਨੰਦ ਪਾਟਿਲ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਫਾਇਦੇ ਦੱਸ ਕੇ ਲਿਆਂਦੀਆਂ ਨੀਤੀਆਂ ਅਸਲ ‘ਚ ਉਨ੍ਹਾਂ ਨੂੰ ਲੁੱਟਣ ਲਈ ਹੁੰਦੀਆਂ ਹਨ।



Source link