ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਮਾਰਚ
ਧਰਮਕੋਟ ਨੇੜਲੇ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਕਰੀਬ 12 ਦਿਨ ਪਹਿਲਾਂ ਨਹਿਰ ‘ਚ ਡੁੱਬਣ ਨਾਲ ਨੌਜਵਾਨ ਸਰਬਜੀਤ ਸਿੰਘ ਪਿੰਡ ਬਹਾਦਰਕੇ ਜ਼ਿਲ੍ਹਾ ਲੁਧਿਆਣਾ ਦੀ ਮੌਤ ਨੇ ਨਵਾਂ ਮੋੜ ਲੈ ਲਿਆ ਹੈ। ਨੌਜਵਾਨ ਨੂੰ ਉਸ ਦੀ ਪਤਨੀ ਦੇ ਕਥਿਤ ਪ੍ਰੇਮੀ ਉੱਤੇ ਦੋ ਸਾਥੀਆਂ ਨਾਲ ਨਹਿਰ ਦੇ ਪਾਣੀ ‘ਚ ਡੁਬੋ ਕੇ ਮਾਰਨ ਦਾ ਦੋਸ਼ ਹੈ। ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਦੱਸਿਆ ਕਿ ਪਿੰਡ ਕਿਸ਼ਨਪੁਰਾ ਕਲਾਂ ਵਿਖੇ 18 ਫਰਵਰੀ ਨੂੰ ਸਰਬਜੀਤ ਸਿੰਘ ਦੀ ਨਹਿਰ ਵਿੱਚੋਂ ਲਾਸ਼ ਮਿਲੀ ਸੀ ਅਤੇ ਉਸ ਦਾ ਮੋਟਰਸਾਈਕਲ ਨਹਿਰ ਕਿਨਾਰੇ ਖੜ੍ਹਾ ਸੀ। ਉਸ ਵਕਤ ਧਾਰਾ 174 ਸੀਆਰਪੀਸੀ ਤਹਿਤ ਪੋਸਟ ਮਾਰਟਮ ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਸੀ। ਸਰਬਜੀਤ ਦਾ ਇਸ ਵਰ੍ਹੇ ਦੀ 7 ਫ਼ਰਵਰੀ ਨੂੰ ਵਿਆਹ ਹੋਇਆ ਸੀ। ਪੋਸਟਮਾਰਟਮ ਰਿਪੋਰਟ ਬਾਅਦ ਥਾਣਾ ਧਰਮਕੋਟ ਮੁਖੀ ਗੁਲਜਿੰਦਰਪਾਲ ਸਿੰਘ ਸੇਖੋਂ ਦੀ ਅਗਵਾਈ ਹੇਠ ਟੀਮ ਵੱਲੋਂ ਕੀਤੀ ਗਈ ਜਾਂਚ ਵਿੱਚ ਪਤਾ ਲੱਗਾ ਕਿ ਸਰਬਜੀਤ ਦੀ ਪਤਨੀ ਦੇ ਜਰਨੈਲ ਸਿੰਘ ਵਾਸੀ ਮਾਊਸਾਹਿਬ ਜ਼ਿਲ੍ਹਾ ਜਲੰਧਰ ਨਾਲ ਕਥਿਤ ਪ੍ਰੇਮ ਸਬੰਧ ਸਨ। ਮਰਹੂਮ ਦੇ ਪਿਤਾ ਜੋਗਿੰਦਰ ਸਿੰਘ ਮੁਤਬਕ ਉਸ ਦੀ ਨੂੰਹ 17 ਫ਼ਰਵਰੀ ਨੂੰ ਪੇਕੇ ਚਲੀ ਗਈ ਸੀ। ਇਸ ਦੌਰਾਨ ਉਸ ਦੇ ਲੜਕੇ ਨੂੰ ਮੁਲਜ਼ਮਾਂ ਨੇ 500 ਰੁਪਏ ਐਡਵਾਂਸ ਦੇ ਕੇ ਉਸ ਨੂੰ ਆਲੂ ਪੁੱਟਣ ਦੀ ਮਜ਼ਦੂਰੀ ਬਹਾਨੇ ਸੱਦ ਲਿਆ ਗਿਆ। ਜਰਨੈਲ ਸਿੰਘ ਨੇ ਆਪਣੇ ਦੋ ਸਾਥੀਆਂ ਰਾਜਵੀਰ ਸਿੰਘ ਪਿੰਡ ਭੋਡੇ ਜ਼ਿਲ੍ਹਾ ਜਲੰਧਰ ਅਤੇ ਛਿੰਦੀ ਸਿੰਘ ਪਿੰਡ ਕੋਟਲਾ ਭਾਗੂ ਜ਼ਿਲ੍ਹਾ ਜਲੰਧਰ ਨਾਲ ਮਿਲਕੇ ਸਰਬਜੀਤ ਸਿੰਘ ਨੂੰ ਨਹਿਰ ਵਿੱਚ ਡੁਬੋ ਕੇ ਮਾਰ ਦਿੱਤਾ। ਕਿਸੇ ਨੂੰ ਸ਼ੱਕ ਨਾ ਹੋਵੇ ਇਸ ਕਰਕੇ ਸਰਬਜੀਤ ਸਿੰਘ ਦਾ ਮੋਟਰਸਾਈਕਲ ਵੀ ਨਹਿਰ ਉੱਤੇ ਖੜ੍ਹਾ ਕਰ ਦਿੱਤਾ। ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਕੇ ਜਰਨੈਲ ਸਿੰਘ ਅਤੇ ਉਸ ਦੇ ਸਾਥੀ ਰਾਜਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।