ਲਖਵੀਰ ਸਿੰਘ ਚੀਮਾ
ਟੱਲੇਵਾਲ(ਬਰਨਾਲਾ), 5 ਮਾਰਚ
ਖੇਤੀ ਕਾਨੂੰਨਾ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਦੇ ਟਿਕਰੀ ਬਾਰਡਰ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਵਿਸ਼ਾਲ ਔਰਤ ਮਹਾਰੈਲੀ ਰੈਲੀ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਵਜੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਔਰਤਾਂ ਨੂੰ ਦਿੱਲੀ ਜਾਣ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਔਰਤਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ। ਇਹ ਟਰੈਕਟਰ ਮਾਰਚ ਪਿੰਡ ਚੀਮਾ ਤੋਂ ਸ਼ੁਰੂ ਹੋ ਕੇ ਵੱਖ ਵੱਖ ਪਿੰਡਾਂ ਲਈ ਰਵਾਨਾ ਹੋਇਆ।
ਪਾਇਲ(ਦੇਵਿੰਦਰ ਜੱਗੀ): 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਦਿੱਲੀ ਦੀਆਂ ਸਰਹੱਦਾਂ ‘ਤੇ ਮਨਾਉਣ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਸਿਹੌੜਾ ਵਿਖੇ ਵੱਡੀ ਗਿਣਤੀ ਵਿੱਚ ਔਰਤਾਂ ਨਾਲ ਮੀਟਿੰਗ ਕੀਤੀ ਗਈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸੁਦਾਗਰ ਸਿੰਘ ਘੁਡਾਣੀ, ਤਰਨਜੀਤ ਸਿੰਘ ਕੂਹਲੀ ਕਲਾਂ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਸੈਰੀ ਸਿਹੌੜਾ ਨੇ ਕਿਹਾ ਕਿ 8 ਮਾਰਚ ਨੂੰ ਅਸੀਂ ਕੌਮਾਂਤਰੀ ਔਰਤ ਦਿਵਸ ਦਿੱਲੀ ਦੇ ਬਾਰਡਰਾਂ ‘ਤੇ ਮਨਾਉਣ ਜਾ ਰਹੇ ਹਾਂ ਕਿਉੰਕਿ ਔਰਤਾਂ ਦੀ ਸਮੂਲੀਅਤ ਤੋਂ ਬਿਨ੍ਹਾਂ ਕੋਈ ਵੀ ਸੰਘਰਸ਼ ਜਿੱਤਿਆ ਨਹੀਂ ਜਾ ਸਕਦਾ। ਇਸ ਮੌਕੇ ਜਸਪ੍ਰੀਤ ਕੌਰ,ਮਲਕੀਤ ਕੌਰ,ਮਨਜੀਤ ਕੌਰ,ਚਰਨ ਸਿੰਘ ਜਥੇਦਾਰ, ਗੁਰਮੇਲ ਸਿੰਘ, ਮਦਨਜੀਤ ਕੌਰ, ਜਗਜੀਤ ਸਿੰਘ ਫ਼ੌਜੀ ਹਾਜ਼ਰ ਸਨ।