ਕਿਸਾਨ ਸੰਘਰਸ਼ ਦੌਰਾਨ ਲਹਿਰਾਗਾਗਾ ਤੇ ਤਲਵੰਡੀ ਸਾਬੋ ਦੇ ਕਿਸਾਨ ਸ਼ਹੀਦ


ਰਮੇਸ਼ ਭਾਰਦਵਾਜ/ ਜਗਜੀਤ ਸਿੰਘ ਸਿੱਧੂ

ਲਹਿਰਾਗਾਗਾ/ਤਲਵੰਡੀ ਸਾਬੋ, 7 ਮਾਰਚ

ਲਹਿਰਾਗਾਗਾ ਨੇੜਲੇ ਪਿੰਡ ਗੰਢੂਆਂ ਦਾ ਵਸਨੀਕ ਜਨਕ ਸਿੰਘ(70) ਪੁੱਤਰ ਕਰਤਾਰ ਸਿੰਘ ਲੰਘੀ ਰਾਤ ਦਿੱਲੀ ਦੇ ਟਿਕਰੀ ਬਾਰਡਰ ‘ਚ ਸੰਘਰਸ਼ ਦੌਰਾਨ ਸ਼ਹੀਦ ਹੋ ਗਿਆ ਹੈ। ਇਸ ਦੌਰਾਨ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਦਾ ਕਿਸਾਨ ਸਤਪਾਲ ਸਿੰਘ ਟਿਕਰੀ ਬਾਰਡਰ ‘ਤੇ ਸੰਘਰਸ਼ ਦੌਰਾਨ ਬਿਮਾਰ ਹੋ ਗਿਆ ਤੇ ਪਿੰਡ ਵਾਪਸ ਆਉਣ ਬਾਅਦ ਉਹ ਫੌਤ ਹੋ ਗਿਆ। ਪਿੰਡ ਗੰਢੂਆਂ ਦੇ ਸਾਬਕਾ ਸਰਪੰਚ ਪਵਿੱਤਰ ਸਿੰਘ, ਪੰਚ ਜੱਗੀ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਨਕ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸਰਗਰਮ ਮੈਂਬਰ ਸੀ ਅਤੇ ਦਿੱਲੀ ਦੇ ਟਿਕਰੀ ਬਾਰਡਰ ‘ਚ ਤਿੰਨ ਚਾਰ ਵਾਰ ਧਰਨੇ ‘ਤੇ ਕਈ ਕਈ ਦਿਨ ਗੁਜ਼ਾਰ ਆਇਆ ਸੀ ਪਰ ਇਸ ਵਾਰ ਧਰਨੇ ਸਮੇਂ 27 ਫਰਵਰੀ ਨੂੰ ਉਸ ਨੂੰ ਸਟੇਜ ‘ਤੇ ਹੀ ਦੌਰਾ ਪਿਆ ਤਾਂ ਜਥੇਬੰਦੀ ਨੇ ਉਸ ਨੂੰ ਸਰਕਾਰੀ ਹਸਪਤਾਲ ਬਹਾਦਰਗੜ੍ਹ ‘ਚ ਜੇਰੇ ਇਲਾਜ ਦਾਖਲ ਕਰਵਾਇਆ ਅਤੇ 28 ਫਰਵਰੀ ਨੂੰ ਡਾਕਟਰਾਂ ਦੀ ਸਲਾਹ ‘ਤੇ ਪਰਿਵਾਰ ਨੇ ਉਸ ਨੂੰ ਪਟਿਆਲਾ ਦੇ ਨਿੱਜੀ ਦਿਮਾਗ ਦੇ ਹਸਪਤਾਲ ‘ਚ ਦਾਖਲ ਕਰਵਾਇਆ ਅਤੇ ਉਥੋਂ ਹਾਲਤ ਠੀਕ ਨਾ ਹੋਣ ਕਰਕੇ 6 ਮਾਰਚ ਨੂੰ ਪਰਿਵਾਰ ਪਿੰਡ ਗੰਢੂਆਂ ਵਾਪਸ ਲੈ ਕੇ ਆ ਰਹੇ ਸਨ ਤਾਂ ਉਹ ਦਮ ਤੋੜ ਗਿਆ। ਉਸ ਦੀ ਮ੍ਰਿਤਕ ਦੇਹ ਸਰਕਾਰੀ ਹਸਪਤਾਲ ‘ਚ ਪੋਸਟ ਮਾਟਰਮ ਲਈ ਰੱਖੀ ਹੈ।

ਤਲਵੰਡੀ ਸਾਬੋ: ਦਿੱਲੀ ਦੇ ਟਿਕਰੀ ਬਾਰਡਰ ‘ਤੇ ਕਿਸਾਨ ਮੋਰਚੇ ਵਿੱਚ ਗਏ ਪਿੰਡ ਮਿਰਜੇਆਣਾ ਦੇ ਕਿਸਾਨ ਦੀ ਬਿਮਾਰ ਹੋਣ ਕਾਰਨ ਮੌਤ ਹੋ ਗਈ। ਮਿਰਜੇਆਣਾ ਦੇ ਸਾਬਕਾ ਸਰਪੰਚ ਗੁਰਨਾਮ ਸਿੰਘ ਦਾ ਪੁੱਤਰ ਸਤਪਾਲ ਸਿੰਘ (42 ਸਾਲ) ਆਪਣੇ ਪਿੰਡ ਦੇ ਹੋਰ ਕਿਸਾਨਾਂ ਨਾਲ ਦਿੱਲੀ ਦੇ ਟਿਕਰੀ ਬਾਰਡਰ ‘ਤੇ ਚੱਲ ਰਹੇ ਧਰਨੇ ਵਿੱਚ ਗਿਆ ਸੀ। ਚਾਰ-ਪੰਜ ਦਿਨ ਪਹਿਲਾਂ ਸਾਹ ਲੈਣ ਵਿੱਚ ਤਕਲੀਫ਼ ਆਉਣ ਕਰਕੇ ਸਤਪਾਲ ਸਿੰਘ ਵਾਪਸ ਪਿੰਡ ਆ ਗਿਆ ਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਆਦੇਸ਼ ਹਸਪਤਾਲ ਭੁੱਚੋ ਦਾਖ਼ਲ ਕਰਵਾਇਆ ਸੀ, ਜਿਥੇ ਇਲਾਜ ਦੌਰਾਨ ਬੀਤੀ ਰਾਤ ਸਤਪਾਲ ਸਿੰਘ ਦੀ ਮੌਤ ਹੋ ਗਈ ਤੇ ਅੱਜ ਪਿੰਡ ਮਿਰਜੇਆਣਾ ਦੇ ਸਮਸ਼ਾਨਘਾਟ ਵਿੱਚ ਸਸਕਾਰ ਕੀਤਾ ਗਿਆ। ਸਤਪਾਲ ਸਿੰਘ ਬੀਕੇਯੂ (ਉਗਰਾਹਾਂ) ਦਾ ਸਰਗਰਮ ਮੈਂਬਰ ਸੀ ਤੇ ਆਪਣੀ ਚਾਰ ਏਕੜ ਜ਼ਮੀਨ ਵਿੱਚ ਖੇਤੀ ਕਰਕੇ ਪਰਿਵਾਰ ਪਾਲਦਾ ਸੀ।ਮ੍ਰਿਤਕ ਸਤਪਾਲ ਸਿੰਘ ਆਪਣੇ ਪਿੱਛੇ ਪੁੱਤਰ, ਪਤਨੀ ਅਤੇ ਪਿਤਾ ਛੱਡ ਗਿਆ।



Source link