ਨਵੀਂ ਦਿੱਲੀ, 8 ਮਾਰਚ
ਭਾਰਤ ‘ਚ ਇੱਕ ਦਿਨ ਅੰਦਰ ਕਰੋਨਾਵਾਇਰਸ ਦੇ 18599 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ‘ਚ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 1,12,29,398 ਹੋ ਗਈ ਹੈ। ਦੇਸ਼ ‘ਚ ਲਗਾਤਾਰ ਤੀਜੇ ਦਿਨ 18 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦੇਸ਼ ‘ਚ ਲਗਾਤਾਰ ਛੇਵੇਂ ਦਿਨ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਦਰਜ ਕੀਤਾ ਗਿਆ ਹੈ। ਇਸ ਸਮੇਂ 1,88,747 ਕਰੋਨਾ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਜੋ ਕਿ ਕੁੱਲ ਕੇਸਾਂ ਦਾ 1.68 ਫੀਸਦ ਹੈ। ਦੇਸ਼ ‘ਚ ਮਰੀਜ਼ਾਂ ਦੇ ਸਿਹਤ ਠੀਕ ਹੋਣ ਦੀ ਦਰ ਵੀ ਘਟੀ ਹੈ ਜੋ ਹੁਣ 96.91 ਫੀਸਦ ਹੈ ਤੇ ਦੇਸ਼ ‘ਚ ਹੁਣ ਤੱਕ 1।08,82,798 ਕਰੋਨਾ ਪੀੜਤ ਸਿਹਤਯਾਬ ਹੋ ਚੁੱਕੇ ਹਨ। ਉੱਧਰ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ 1.41 ਫੀਸਦ ਹੈ। ਅੰਕੜਿਆਂ ਅਨੁਸਾਰ ਲੰਘੇ 24 ਘੰਟਿਆਂ ਅੰਦਰ 97 ਹੋਰ ਮੌਤਾਂ ਹੋਣ ਨਾਲ ਦੇਸ਼ ‘ਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ 1,57,853 ਹੋ ਗਈ ਹੈ।
ਲੰਘੇ 24 ਘੰਟਿਆਂ ਅੰਦਰ ਦੇਸ਼ ‘ਚ ਕਰੋਨਾ ਦੇ ਜੋ ਨਵੇਂ ਕੇਸ ਸਾਹਮਣੇ ਆਏ ਹਨ ਉਨ੍ਹਾਂ ‘ਚੋਂ 86.25 ਫੀਸਦ ਕੇਸ ਛੇ ਸੂਬਿਆਂ ਮਹਾਰਾਸ਼ਟਰ, ਕੇਰਲਾ, ਪੰਜਾਬ, ਕਰਨਾਟਕ, ਗੁਜਰਾਤ ਤੇ ਤਾਮਿਲ ਨਾਡੂ ਤੋਂ ਹਨ। ਮਹਾਰਾਸ਼ਟਰ ‘ਚ 11,141, ਕੇਰਲ ‘ਚ 2100 ਅਤੇ ਪੰਜਾਬ ‘ਚ 1043 ਨਵੇਂ ਕੇਸ ਸਾਹਮਣੇ ਆਏ ਹਨ। -ਪੀਟੀਆਈ