ਬਠਿੰਡਾ: ਮਨਪ੍ਰੀਤ ਬਾਦਲ ਖ਼ਿਲਾਫ਼ ਪ੍ਰਦਰਸ਼ਨ ਕਰਨ ਆਈਆਂ ਆਂਗਣਵਾੜੀ ਵਰਕਰਾਂ ਨੇ ਪੁਲੀਸ ’ਤੇ ਛੇੜਖਾਨੀ ਦੇ ਦੋਸ਼ ਲਗਾਏ

ਬਠਿੰਡਾ: ਮਨਪ੍ਰੀਤ ਬਾਦਲ ਖ਼ਿਲਾਫ਼ ਪ੍ਰਦਰਸ਼ਨ ਕਰਨ ਆਈਆਂ ਆਂਗਣਵਾੜੀ ਵਰਕਰਾਂ ਨੇ ਪੁਲੀਸ ’ਤੇ ਛੇੜਖਾਨੀ ਦੇ ਦੋਸ਼ ਲਗਾਏ


ਸ਼ਗਨ ਕਟਾਰੀਆ
ਬਠਿੰਡਾ, 9 ਮਾਰਚ

ਅੱਜ ਇਥੇ ਗੋਨਿਆਣਾ ਰੋਡ ‘ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਵਿਚ ਪ੍ਰਸ਼ਨਕਾਰੀ ਆਂਗਣਵਾੜੀ ਵਰਕਰਾਂ ਅਤੇ ਪੁਲੀਸ ਵਿਚਾਲੇ ਝੜਪ ਹੋ ਗਈ, ਜਦੋਂ ਵਰਕਰਾਂ ਦੀ ਆਮਦ ਹੋਈ, ਉਸ ਵਕਤ ਸ੍ਰੀ ਬਾਦਲ ਦੀ ਮਾਤਾ ਦਾ ਬਰਸੀ ਸਮਾਗਮ ਚੱਲ ਰਿਹਾ ਸੀ। ਆਂਗਨਵਾੜੀ ਵਰਕਰਜ਼ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਦੋਸ਼ ਲਗਾਇਆ ਕਿ ਪੁਲੀਸ ਮੁਲਾਜ਼ਮਾਂ ਨੇ ਵਰਕਰਾਂ ਨਾਲ ਛੇੜਖਾਨੀ ਕੀਤੀ। ਉਨ੍ਹਾਂ ਕਿਹਾ ਕਿ ਬੀਤੇ ਦਿਨ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ ਹੈ, ਉਸ ਵਿਚ ਆਂਗਣਵਾੜੀ ਵਰਕਰਾਂ ਦਾ ਕਿਧਰੇ ਵੀ ਕੋਈ ਜ਼ਿਕਰ ਨਹੀਂ। ਵਿਖਾਵਾਕਾਰੀ ਵਰਕਰਾਂ ਵੱਲੋਂ ਅਚਨਚੇਤ ਆਉਣ ‘ਤੇ ਪੁਲੀਸ ਇਕਦਮ ਹਰਕਤ ਵਿੱਚ ਆ ਗਈ ਅਤੇ ਉਨ੍ਹਾਂ ਵਿਖਾਵਾਕਾਰੀਆਂ ਕੋਲੋਂ ਸਾੜਨ ਲਈ ਲਿਆਂਦਾ ਵਿੱਤ ਮੰਤਰੀ ਦਾ ਪੁਤਲਾ ਖੋਹ ਲਿਆ। ਇਸ ਦੌਰਾਨ ਦੋਹਾਂ ਧਿਰਾਂ ਵਿੱਚ ਧੱਕਾ-ਮੁੱਕੀ ਹੋਈ। ਪੁਲੀਸ ਨੇ ਤਾਕਤ ਵਰਤਦਿਆਂ ਆਂਗਣਵਾੜੀ ਵਰਕਰਾਂ ਨੂੰ ਬਰਸੀ ਸਮਾਗਮ ਤੋਂ ਦੂਰ ਧੱਕ ਦਿੱਤਾ। ਮੌਕੇ ‘ਤੇ ਮੌਜੂਦ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਰਵਿੰਦਰ ਸਿੰਘ ਨੇ ਜਿਸਮਾਨੀ ਛੇੜਛਾੜ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਇਨ੍ਹਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਸਪਸ਼ਟੀਕਰਨ ਦਿੱਤਾ ਕਿ ਵਿਖਾਵਾਕਾਰੀ ਮਹਿਲਾਵਾਂ ਪੁਤਲੇ ਲੈ ਕੇ ਉਸ ਕਮਰੇ ਵਿੱਚ ਚਲੀਆਂ ਗਈਆਂ, ਜਿਥੇ ਸਮਾਗਮ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਅੱਗਜ਼ਨੀ ਦੀ ਕਿਸੇ ਵੀ ਸੰਭਾਵਿਤ ਘਟਨਾਵਾਂ ਦੀ ਰੋਕਥਾਮ ਲਈ ਪੁਲੀਸ ਨੇ ਫੌਰੀ ਐਕਸ਼ਨ ਲੈਂਦਿਆਂ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਹਟਾਇਆ।



Source link