ਕੋਵਿੰਦ, ਮੋਦੀ ਤੇ ਹੋਰਾਂ ਵੱਲੋਂ ‘ਨਾਰੀ ਸ਼ਕਤੀ’ ਨੂੰ ਸਲਾਮ


ਨਵੀਂ ਦਿੱਲੀ, 8 ਮਾਰਚ

ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਈ ਕੇਂਦਰੀ ਮੰਤਰੀਆਂ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੌਮਾਂਤਰੀ ਮਹਿਲਾ ਦਿਵਸ ‘ਤੇ ਔਰਤਾਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਵੱਖ ਵੱਖ ਖੇਤਰਾਂ ‘ਚ ‘ਨਾਰੀ ਸ਼ਕਤੀ’ ਦੀ ਭੂਮਿਕਾ ਲਈ ਉਨ੍ਹਾਂ ਦਾ ਗੁਣਗਾਣ ਕੀਤਾ। ਰਾਸ਼ਟਰਪਤੀ ਕੋਵਿੰਦ ਨੇ ਟਵਿੱਟਰ ‘ਤੇ ਮਰਦਾਂ ਅਤੇ ਔਰਤਾਂ ‘ਚ ਨਾਬਰਾਬਰੀ ਦੇ ਖ਼ਾਤਮੇ ਦਾ ਹੋਕਾ ਦਿੱਤਾ। ਉਨ੍ਹਾਂ ਪਤਨੀ ਸਵਿਤਾ ਕੋਵਿੰਦ ਨਾਲ ਕਰੋਨਾ ਦੇ ਟੀਕੇ ਲਗਾਉਣ ਵਾਲੀ ਤਸਵੀਰ ਸਾਂਝੀ ਕਰਦਿਆਂ ਮਹਿਲਾ ਸਿਹਤ ਵਰਕਰਾਂ ਨੂੰ ਸਲਾਮ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਮਹਿਲਾਵਾਂ ਦੀਆਂ ਕਈ ਪ੍ਰਾਪਤੀਆਂ ‘ਤੇ ਭਾਰਤ ਨੂੰ ਮਾਣ ਹੈ। ‘ਸਾਡੀ ਸਰਕਾਰ ਨੂੰ ਮਹਿਲਾ ਸ਼ਕਤੀਕਰਨ ਨੂੰ ਮਜ਼ਬੂਤੀ ਪ੍ਰਦਾਨ ਕਰਨ ਦਾ ਮਾਣ ਹਾਸਲ ਹੋਇਆ ਹੈ।’ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਮਹਿਲਾਵਾਂ ਇਤਿਹਾਸ ਅਤੇ ਭਵਿੱਖ ਸਿਰਜਣ ਦੇ ਸਮਰੱਥ ਹਨ। ਉਨ੍ਹਾਂ ਔਰਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੋਈ ਵੀ ਤੁਹਾਨੂੰ ਰੋਕਣ ਦੀ ਹਿੰਮਤ ਨਾ ਕਰੇ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਮਹਿਲਾਵਾਂ ਨੂੰ ਹਰ ਖੇਤਰ ‘ਚ ਪਹਿਲਾਂ ਨਾਲੋਂ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਹਰ ਖੇਤਰ ਦੀਆਂ ਮਹਿਲਾਵਾਂ ਦੇ ਸ਼ਕਤੀਕਰਨ ਲਈ ਵਚਨਬੱਧ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਮੁੱਖ ਕੇਂਦਰ ‘ਚ ਹਮੇਸ਼ਾ ਹੀ ਮਹਿਲਾ ਸ਼ਕਤੀਕਰਨ ਰਿਹਾ ਹੈ।

ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਸ਼ਲੋਕ ਸਾਂਝਾ ਕਰਦਿਆਂ ਸਾਰੀਆਂ ਮਾਵਾਂ ਅਤੇ ਭੈਣਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਸਰਕਾਰ ਦੀਆਂ ਯੋਜਨਾਵਾਂ ‘ਚ ਮਹਿਲਾਵਾਂ ਵੱਲੋਂ ਪਾਏ ਗਏ ਯੋਗਦਾਨ ਨੂੰ ਉਜਾਗਰ ਕੀਤਾ। ਉਨ੍ਹਾਂ ਏਅਰ ਇੰਡੀਆ ਦੀ ਕੈਪਟਨ ਸਵਾਤੀ ਰਾਵਲ ਦੀ ਤਸਵੀਰ ਵੀ ਸਾਂਝੀ ਕੀਤੀ ਜਿਸ ਨੇ ਲੌਕਡਾਊਨ ਦੌਰਾਨ ਰੋਮ ‘ਚ ਫਸੇ 263 ਮੁਸਾਫ਼ਰਾਂ ਨੂੰ ਵਤਨ ਲਿਆਂਦਾ ਸੀ। ਰੇਲ ਮੰਤਰੀ ਪਿਯੂਸ਼ ਗੋਇਲ ਨੇ ਇੰਡੀਅਨ ਰੇਲਵੇ ਦੀ ਪਹਿਲੀ ਮਹਿਲਾ ਡਰਾਈਵਰ ਸੁਰੇਖਾ ਯਾਦਵ ਦੀ ਤਸਵੀਰ ਸਾਂਝੀ ਕਰਦਿਆਂ ਮਹਿਲਾ ਦਿਵਸ ਦੀ ਵਧਾਈ ਦਿੱਤੀ ਹੈ। -ਪੀਟੀਆਈ



Source link